UK News: ਪੰਜਾਬੀ ਮੂਲ ਦੇ ਤਜਰਬੇਕਾਰ ਬ੍ਰਿਟਿਸ਼ ਸੰਸਦ ਮੈਂਬਰ ਨੇ ਸਿਆਸਤ ਤੋਂ ਲਿਆ ਸੰਨਿਆਸ
ਰਾਜਨੀਤੀ ਤੋਂ ਦੂਰ ਰਹਿਣਗੇ ਤੇ ਆਮ ਚੋਣਾਂ ਨਹੀਂ ਲੜਨਗੇ
UK News: ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਮੈਂਬਰ ਅਤੇ ਕਈ ਸਾਲਾਂ ਤੋਂ ਭਾਰਤ-ਬ੍ਰਿਟਿਸ਼ ਸਬੰਧਾਂ ਦੇ ਸਮਰਥਕ ਰਹੇ ਵੀਰੇਂਦਰ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਰਾਜਨੀਤੀ ’ਚ ਸਰਗਰਮ ਨਹੀਂ ਰਹਿਣਗੇ। ਉਹ ਬਰਤਾਨੀਆਂ ਵਿਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵੀ ਨਹੀਂ ਲੜਨਗੇ।
ਲੇਬਰ ਪਾਰਟੀ ਦੇ 77 ਸਾਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਲਿਆਉਣ ਦਾ ਸਮਾਂ ਹੈ ਕਿਉਂਕਿ ਉਹ ਹੁਣ ਦਾਦਾ ਵਜੋਂ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਚਾਹੁੰਦੇ ਹਨ।
ਉਨ੍ਹਾਂ ਨੇ 2007 ’ਚ ਪੰਜਾਬੀ ਬਹੁਗਿਣਤੀ ਵਾਲੇ ਈਲਿੰਗ ਸਾਊਥਹਾਲ ਹਲਕੇ ’ਚ ਉਪ ਚੋਣ ਜਿੱਤੀ ਅਤੇ ਉਦੋਂ ਤੋਂ ਲਗਾਤਾਰ ਚਾਰ ਆਮ ਚੋਣਾਂ ਜਿੱਤੀਆਂ ਹਨ।
ਪੰਜਾਬ ਦੇ ਮੰਡਲੀ ਪਿੰਡ ’ਚ ਜਨਮੇ ਸ਼ਰਮਾ 1968 ’ਚ ਬਰਤਾਨੀਆਂ ਚਲੇ ਗਏ ਅਤੇ ਟਰੇਡ ਯੂਨੀਅਨ ਸਕਾਲਰਸ਼ਿਪ ’ਤੇ ਲੰਡਨ ਸਕੂਲ ਆਫ ਇਕਨਾਮਿਕਸ (ਐੱਲ.ਐੱਸ.ਈ.) ’ਚ ਪੜ੍ਹਾਈ ਕਰਨ ਤੋਂ ਪਹਿਲਾਂ ਬੱਸ ਕੰਡਕਟਰ ਦੇ ਤੌਰ ’ਤੇ ਕੰਮ ਕੀਤਾ।
ਸ਼ਰਮਾ ਨੇ ਸੋਮਵਾਰ ਸ਼ਾਮ ਨੂੰ ਅਪਣੀ ਪਾਰਟੀ ਨੂੰ ਲਿਖੀ ਚਿੱਠੀ ’ਚ ਕਿਹਾ, ‘‘50 ਸਾਲ ਤੋਂ ਜ਼ਿਆਦਾ ਸਮੇਂ ਤੋਂ ਮੈਂ ਕਿਸੇ ਨਾ ਕਿਸੇ ਸਮਰੱਥਾ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਹੁਣ ਮੇਰਾ ਮੰਨਣਾ ਹੈ ਕਿ ਇਕ ਹੋਰ ਅਧਿਆਇ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਮੈਂ ਅਗਲੀ ਚੋਣ ਨਹੀਂ ਲੜਾਂਗਾ। ਇਹ ਲੇਬਰ ਦੀ ਜਿੱਤਣ ਦੀ ਮੇਰੀ ਇੱਛਾ ਨੂੰ ਘੱਟ ਨਹੀਂ ਕਰੇਗਾ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਜਿੱਤਾਂਗੇ। ’’
ਉਨ੍ਹਾਂ ਕਿਹਾ, ‘‘ਮੈਂ ਲੇਬਰ ਪਾਰਟੀ ਦਾ ਸਮਰਥਨ ਕਰਨਾ ਜਾਰੀ ਰੱਖਾਂਗਾ ਅਤੇ ਮੈਨੂੰ ਉਮੀਦ ਹੈ ਕਿ ਮੈਂ ਪਾਰਟੀ ਦੀਆਂ ਨੀਤੀਆਂ ਦਾ ਹਿੱਸਾ ਬਣਨਾ ਜਾਰੀ ਰੱਖਾਂਗਾ ਪਰ ਹਾਊਸ ਆਫ ਕਾਮਨਜ਼ ਦੇ ਅੰਦਰੋਂ ਨਹੀਂ। ’’