ਟੈਕਸਾਸ 'ਚ ਟਰੱਕ 'ਚੋਂ ਮਿਲੀਆਂ 50 ਪ੍ਰਵਾਸੀਆਂ ਦੀਆਂ ਲਾਸ਼ਾਂ, ਡੌਂਕੀ ਲਗਾ ਕੇ ਜਾ ਰਹੇ ਸਨ ਅਮਰੀਕਾ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਜਾਣਕਾਰੀ ਮੁਤਾਬਕ 16 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ,

Bodies of 50 migrants found in truck in Texas

 

ਵਸ਼ਿੰਗਟਨ - ਅਮਰੀਕਾ ਦੇ ਟੈਕਸਾਸ 'ਚ ਸੋਮਵਾਰ ਨੂੰ ਸੜਕ ਦੇ ਕਿਨਾਰੇ ਖੜ੍ਹੇ ਇਕ ਟਰੱਕ 'ਚੋਂ 50 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ। ਟਰੱਕ ਵਿਚ 100 ਤੋਂ ਵੱਧ ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ 16 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਵਿਚ 4 ਬੱਚੇ ਵੀ ਸ਼ਾਮਲ ਹਨ। ਜਦੋਂ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਚਮੜੀ ਗਰਮ ਸੀ। 

ਦੱਸਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਅਤੇ ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਗਏ। ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਤੋਂ ਮਿਲਿਆ ਹੈ। ਇਸ ਟਰੱਕ ਜਰੀਏ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਜਾ ਰਹੀ ਸੀ। ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ ਤੋਂ ਲਗਭਗ 250 ਕਿਲੋਮੀਟਰ ਦੂਰ ਹੈ।

ਫਾਇਰ ਸਰਵਿਸ ਦੇ ਅਧਿਕਾਰੀ ਮੁਤਾਬਕ ਟਰੱਕ ਦੇ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਹੋਏ ਸਨ। ਇਸ ਦੇ ਅੰਦਰ ਹਵਾ ਜਾਣ ਲਈ ਕੋਈ ਥਾਂ ਨਹੀਂ ਸੀ ਅਤੇ ਟਰੱਕ ਵਿਚ ਪਾਣੀ ਦੀ ਵੀ ਕੋਈ ਸਹੂਲਤ ਨਹੀਂ ਸੀ। 3 ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਬੋਟ ਨੇ ਕਿਹਾ ਕਿ ਇਹ ਮੌਤਾਂ ਮਾਰੂ ਖੁੱਲ੍ਹੀ ਸਰਹੱਦ ਨੀਤੀ ਕਾਰਨ ਹੋਈਆਂ ਹਨ। ਐਨਟੋਨੀਓ ਸ਼ਹਿਰ ਦਾ ਤਾਪਮਾਨ ਗਰਮੀਆਂ ਦੇ ਮਹੀਨਿਆਂ ਦੌਰਾਨ ਕਾਫ਼ੀ ਵੱਧ ਜਾਂਦਾ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ।