New Zealand: ਨਿਊਜ਼ੀਲੈਂਡ ’ਚ ਸਿੱਖ ਦੀ ਲਾਸ਼ ਮਿਲੀ, ਗਲ ਵੱਢ ਕੇ ਕਤਲ ਕਰਨ ਦਾ ਖਦਸ਼ਾ
ਲੁਧਿਆਣਾ ਦੇ ਪਿੰਡ ਪਮਾਲ ਤੋਂ ਅੱਠ ਸਾਲ ਪਹਿਲਾਂ ਨਿਊਜ਼ੀਲੈਂਡ ’ਚ ਗਿਆ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ
New Zealand: ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ’ਚ ਇਕ ਸਿੱਖ ਨੌਜੁਆਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਉਪਨਗਰ ਡੁਨੇਡਿਨ ’ਚ ਸੋਮਵਾਰ ਸਵੇਰੇ 27 ਸਾਲਾਂ ਦੇ ਗੁਰਜੀਤ ਸਿੰਘ ਦੀ ਖ਼ੂਨ ਨਾਲ ਲਥਪਥ ਲਾਸ਼ ਨੇੜੇ ਕੱਚ ਖਿੱਲਰਿਆ ਪਿਆ ਸੀ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ 25 ਜਾਂਚਕਰਤਾਵਾਂ ਦੀ ਟੀਮ ਅਜੇ ਵੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਮੂਲ ਰੂਪ ’ਚ ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਗੁਰਜੀਤ ਸਿੰਘ 2015 ’ਚ ਵਿਦਿਆਰਥੀ ਵੀਜ਼ਾ ’ਤੇ ਨਿਊਜ਼ੀਲੈਂਡ ਗਿਆ ਸੀ। ਉਹ ਤਿੰਨ ਵੱਡੀਆਂ ਭੈਣਾਂ ਦਾ ਇਕੋ-ਇਕ ਭਰਾ ਸੀ ਅਤੇ ਛੇ ਕੁ ਮਹੀਨੇ ਪਹਿਲਾਂ ਹੀ ਉਹ ਪੰਜਾਬ ’ਚ ਵਿਆਹ ਕਰਵਾ ਕੇ ਗਿਆ ਸੀ। ਉਸ ਨੇ ਅਪਣੀ ਪਤਨੀ ਨੂੰ ਵੀ ਅਪਣੇ ਕੋਲ ਸਦਿਆ ਸੀ ਜਿਸ ਨੇ ਦੋ ਹਫ਼ਤੇ ਬਾਅਦ ਹੀ ਨਿਊਜ਼ੀਲੈਂਡ ਆਉਣਾ ਸੀ। ਪਰ ਸੋਮਵਾਰ ਸਵੇਰੇ ਜਦੋਂ ਉਸ ਦੀ ਪਤਨੀ ਦੀ ਕਾਫ਼ੀ ਸਮੇਂ ਤਕ ਕਾਲ ਕਰਨ ਤੋਂ ਬਾਅਦ ਵੀ ਗੁਰਜੀਤ ਸਿੰਘ ਨਾਲ ਗੱਲ ਨਾ ਹੋਈ ਤਾਂ ਉਸ ਨੇ ਨਿਊਜ਼ੀਲੈਂਡ ਸਥਿਤ ਗੁਰਜੀਤ ਦੇ ਦੋਸਤ ਨੂੰ ਫ਼ੋਨ ਕੀਤਾ ਅਤੇ ਖ਼ਬਰਸਾਰ ਲੈਣ ਲਈ ਕਿਹਾ। ਪਰ ਜਦੋਂ ਉਸ ਦਾ ਦੋਸਤ ਗੁਰਜੀਤ ਦੇ ਘਰ ਪੁੱਜਾ ਤਾਂ ਖ਼ੂਨ ’ਚ ਲਥਪਥ ਲਾਸ਼ ਵੇਖ ਕੇ ਹੈਰਾਨ ਰਹਿ ਗਿਆ ਅਤੇ ਪੁਲਿਸ ਨੂੰ ਸਦਿਆ। ਜਾਂਚਕਰਤਾਵਾਂ ਨੇ ਉਦੋਂ ਤੋਂ ਹੀ ਉਸ ਦੇ ਘਰ ਬਾਹਰ ਡੇਰਾ ਲਾਇਆ ਹੋਇਆ ਹੈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਬੁਧਵਾਰ ਨੂੰ ਕ੍ਰਾਈਟਚਰਚ ਵਿਖੇ ਹੋਵੇਗਾ।
ਗੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਪੂਰਾ ਪਰਵਾਰ ਸਦਮੇ ’ਚ ਹੈ। ਗੁਰਜੀਤ ਦੇ ਨਿਊਜ਼ੀਲੈਂਡ ਵਿਖੇ ਵਸਦੇ ਦੋਸਤਾਂ ਨੇ ਉਸ ਬਹੁਤ ਚੰਗਾ ਇਨਸਾਨ ਦਸਿਆ ਹੈ ਜੋ ਬਹੁਤ ਮਿਹਨਤੀ ਸੀ। ਗੁਰਜੀਤ ਸਿੰਘ ਇਕ ਫ਼ਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ਕੋਰਸ ’ਚ ਤਕਨੀਕਸ਼ੀਅਨ ਦਾ ਕੰਮ ਕਰਦਾ ਸੀ। ਓਟੈਗੋ ਪੰਜਾਬੀ ਫ਼ਾਊਂਡੇਸ਼ਨ ਟਰੱਸਟ ਦੇ ਮੈਂਬਰ ਨਰਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰੇ ’ਚ ਗੁਰਜੀਤ ਸਿੰਘ ਨੂੰ ਮਿਲਦੇ ਰਹਿੰਦੇ ਸਨ।
ਉਨ੍ਹਾਂ ਕਿਹਾ ਕਿ ਗੁਰਜੀਤ ਨੇ ਪਿਛੇ ਜਿਹੇ ਹੀ ਕਿਰਾਏ ’ਤੇ ਮਕਾਨ ਲਿਆ ਸੀ ਜਿਸ ਬਾਹਰ ਉਹ ਦੀ ਲਾਸ਼ ਮਿਲੀ। ਉਸ ਦੀ ਯੋਜਨਾ ਅਪਣੀ ਪਤਨੀ ਨਾਲ ਇਥੇ ਵਸਣ ਦੀ ਸੀ। ਹਾਲਾਂਕਿ ਦੋ ਕੁ ਹਫ਼ਤੇ ਪਹਿਲਾਂ ਹੀ ਉਸ ਨੇ ਮਕਾਨ ’ਚ ਕਿਸੇ ਦੇ ਵੜਨ ਦਾ ਸ਼ੱਕ ਜ਼ਾਹਰ ਕੀਤਾ ਸੀ।
ਨਰਿੰਦਰਵੀਰ ਨੇ ਕਿਹਾ, ‘‘ਉਹ ਅਪਣੀ ਸੁਰਖਿਆ ਪ੍ਰਤੀ ਚਿੰਤਤ ਸੀ। ਉਸ ਨੇ ਸੀ.ਸੀ.ਟੀ.ਵੀ. ਵੀ ਖ਼ਰੀਦ ਲਏ ਸਨ ਪਰ ਉਨ੍ਹਾਂ ਨੂੰ ਲਗਾ ਨਹੀਂ ਸਕਿਆ। ਉਸ ਦੀ ਮੌਤ ਬਹੁਤ ਚਿੰਤਾਜਨਕ ਹੈ ਕਿਉਂਕਿ ਇਹ ਆਮ ਤੌਰ ’ਤੇ ਸ਼ਾਂਤ ਇਲਾਕਾ ਮੰਨਿਆ ਜਾਂਦਾ ਹੈ। ਉਸ ਦੀ ਲਾਸ਼ ਸਵੇਰੇ 8:30 ਵਜੇ ਮਿਲੀ ਜਦੋਂ ਉਸ ਦੀ ਪਤਨੀ ਨੇ ਉਸ ਦੇ ਦੋਸਤ ਨੂੰ ਫ਼ੋਨ ਕੀਤਾ। ਏਨੇ ਦਿਨ ਚੜ੍ਹੇ ਵੀ ਕਿਸੇ ਨੇ ਉਸ ਨੂੰ ਘਰ ਬਾਹਰ ਪਿਆ ਨਹੀਂ ਵੇਖਿਆ। ਜੇ ਕਿਸੇ ਨੇ ਵੇਖਿਆ ਵੀ ਹੋਵੇ ਤਾਂ ਵੀ ਕੁੱਝ ਨਹੀਂ ਕੀਤਾ।’’ ਸਥਾਨਕ ਪੁਲਿਸ ਨੇ ਲੋਕਾਂ ਨੂੰ ਗੁਰਜੀਤ ਸਿੰਘ ਦੀ ਮੌਤ ਬਾਹਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦੇਣ ਲਈ ਅਪੀਲ ਕੀਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।