ਰਈਆ ਦੇ ਨੌਜਵਾਨ ਦੀ ਬਹਿਰੀਨ ਵਿਚ ਮੌਤ
ਵਿਧਵਾ ਮਾਂ ਦਾ ਇਕਲੌਤਾ ਪੁੱਤਰ ਕਰੀਬ ਢਾਈ ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
ਰਈਆ, 29 ਅਪ੍ਰੈਲ (ਰਣਜੀਤ ਸਿੰਘ ਸੰਧੂ): ਰਈਆ ਦੀ ਗ਼ਰੀਬ ਵਿਧਵਾ ਮਾਂ ਦੇ ਇਕਲੌਤੇ ਨੌਜਵਾਨ ਪੁੱਤਰ ਜੋ ਰੋਜ਼ੀ-ਰੋਟੀ ਦੀ ਖਾਤਰ ਬਹਿਰੀਨ ਗਿਆ ਸੀ, ਦੀ ਬਹਿਰੀਨ ਦੇਸ਼ ਵਿਚ ਮੌਤ ਹੋਣ ਦਾ ਅਤੀ ਦੁਖਦਾਇਕ ਸਮਾਚਾਰ ਹੈ। ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਗੁਰੂਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਵਿਚ ਸਫ਼ਾਈ ਸੇਵਕਾ ਦਾ ਕੰਮ ਕਰਦੀ ਹੈ ਤੇ ਇਸ ਤੋਂ ਇਲਾਵਾ ਹੋਰ ਮਿਹਨਤ ਮਜ਼ਦੂਰੀ ਕਰ ਕੇ ਅਪਣੇ ਇਕਲੌਤੇ ਪੁੱਤਰ ਹਰਜਾਪ ਸਿੰਘ ਜੋ ਉਸ ਦਾ ਇਕੋ-ਇਕ ਸਹਾਰਾ ਸੀ ਨੂੰ 10+2 ਕਰਵਾਈ ਅਤੇ ਵਿਆਜੀ ਪੈਸੇ ਫ ੜ੍ਹ ਕੇ ਕਰੀਬ ਢਾਈ ਮਹੀਨੇ ਹੀ ਪਹਿਲਾਂ 8 ਫ਼ਰਵਰੀ ਨੂੰ ਹੀ ਬਹਿਰੀਨ ਭੇਜਿਆ ਸੀ।
ਉਨ੍ਹਾਂ ਦਸਿਆ ਕਿ ਸੋਮਵਾਰ ਦੁਪਹਿਰ ਕਰੀਬ 12 ਵਜੇ ਬਹਿਰੀਨ ਤੋਂ ਕਿਸੇ ਦਾ ਫ਼ੋਨ ਆਇਆ ਕਿ 26-4-20 ਨੂੰ ਸਵੇਰੇ 4 ਵਜੇ ਦੇ ਕਰੀਬ ਹਰਜਾਪ ਦੇ ਪੇਟ ਵਿਚ ਬਹੁਤ ਦਰਦ ਹੋਈ ਜਿਸ ਉਤੇ ਉਨ੍ਹਾਂ ਨੇ ਐਂਬੂਲੈਸ ਨੂੰ ਫ਼ੋਨ ਕਰ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਹਰਜਾਪ ਦੀ ਕਰੀਬ 4-12 ਵਜੇ ਹੀ ਮੌਤ ਹੋ ਗਈ। ਵਿਧਵਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਉਸ ਦਾ ਕੋਈ ਨਹੀਂ ਹੈ ਤੇ ਨਾ ਉਸ ਕੋਲ ਕੋਈ ਪੈਸਾ ਹੀ ਹੈ। ਸੁਖਵਿੰਦਰ ਕੌਰ ਨੇ ਭਰੇ ਮਨ ਨਾਲ ਪੰਜਾਬ ਸਰਕਾਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਸ ਦੇ ਅੱਖਾਂ ਦੇ ਤਾਰੇ ਦੀ ਮ੍ਰਿਤਕ ਦੇਹ ਵਾਪਸ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਹ ਅਪਣੇ ਦਿਲ ਦੇ ਟੁਕੜੇ ਦਾ ਅਪਣੇ ਹੱਥੀ ਸਸਕਾਰ ਕਰ ਸਕੇ