America News: 37 ਲੱਖ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸੀਕੋ ਵਿਚ ਮੌਤ, ਡੌਂਕੀ ਰੂਟ ਰਾਹੀਂ ਜਾ ਰਿਹਾ ਸੀ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੁਲਿਸ ਨੇ 2 ਏਜੰਟਾਂ ਵਿਰੁਧ ਮਾਮਲਾ ਕੀਤਾ ਦਰਜ

Punjabi died in America

A young man died in Mexico News in punjabi : ਡੇਰਾਬੱਸੀ ਬਲਾਕ ਦੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿੱਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪਰਿਵਾਰ ਤੋਂ ਏਜੰਟਾਂ ਨੇ ਅਮਰੀਕਾ ਭੇਜਣ ਦੇ ਨਾਂ ’ਤੇ 37 ਲੱਖ ਰੁਪਏ ਹੜਪ ਲਏ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਅਨੁਸਾਰ, ਉਸ ਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿੱਚ ਘਰੋਂ ਨਿਕਲਿਆ ਸੀ। ਧੋਖੇਬਾਜ਼ ਏਜੰਟਾਂ ਨੇ ਭਰੋਸਾ ਦਿਵਾਇਆ ਸੀ ਕਿ ਉਸ ਦੇ ਭਰਾ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ ਜਾਵੇਗਾ। ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਡੋਂਕਰਾਂ ਨੇ ਉਸ ਨੂੰ ਇਕ ਕਮਰੇ ਵਿੱਚ ਭੁੱਖਾ ਪਿਆਸਾ ਬੰਦੀ ਬਣਾਈ ਰੱਖਿਆ। ਪਰਿਵਾਰ ਵੱਲੋਂ 37 ਲੱਖ ਦੇਣ ਦੇ ਬਾਵਜੂਦ ਉਸ ਦੇ ਭਰਾ ਨੂੰ ਖ਼ਰਚਾ ਨਾ ਭੇਜਿਆ ਗਿਆ, ਜਿਸ ਕਾਰਨ ਮਜਬੂਰੀ ਵਿੱਚ 4 ਲੱਖ ਰੁਪਏ ਹੋਰ ਭੇਜਣੇ ਪਏ।

ਸ਼ਨੀਵਾਰ ਰਾਤ ਪਰਿਵਾਰ ਨੂੰ ਖ਼ਬਰ ਮਿਲੀ ਕਿ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ। ਮੌਤ ਤੋਂ ਕੁਝ ਦਿਨ  ਪਹਿਲਾਂ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਵਿੱਚ ਉਸ ਨੇ ਏਜੰਟਾਂ ਉੱਤੇ ਠੱਗੀ ਦੇ ਗੰਭੀਰ ਦੋਸ਼ ਲਗਾਏ ਸਨ। ਪਰਿਵਾਰ ਵਿੱਚ ਗ਼ਮ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਹਰਦੀਪ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ, ਜਦਕਿ ਉਸਦਾ ਦੂਜਾ ਭਰਾ ਪੁਰਤਗਾਲ ਵਿੱਚ ਵਿਚ ਹੈ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਭਾਂਖਰਪੁਰ ਖ਼ਿਲਾਫ਼ ਧਾਰਾਵਾਂ 316(2), 318(4), 61(2) ਬੀ.ਐਨ.ਐਸ. ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੋਵੇਂ ਦੋਸ਼ੀ ਇਸ ਵੇਲੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।