ਹਿੰਦੂ, ਸਿੱਖ, ਮੁਸਲਿਮ ਤੇ ਈਸਾਈ ਭਾਈਚਾਰੇ ਦਾ ਵਫ਼ਦ ਘੱਟ ਗਿਣਤੀ ਸਬੰਧੀ ਪਾਕਿਸਤਾਨੀ ਰਾਜਦੂਤ ਨੂੰ ਮਿਲਿਆ
ਘੱਟ ਗਿਣਤੀਆਂ ਨਾਲ ਚੰਗਾ ਸਲੂਕ ਕਰਨ ਦੀ ਮੰਗ
ਵਸ਼ਿਗਟਨ ਡੀ ਸੀ (ਗਿੱਲ) : ਆਲ ਨੇਬਰ ਅੰਤਰ-ਰਾਸ਼ਟਰੀ ਸੰਸਥਾ ਵਲੋਂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਧੀ ਪਾਕਿਸਤਾਨ ਅੰਬੈਸਡਰ ਡਾਕਟਰ ਅੱਸਦ ਮਜ਼ੀਦ ਖ਼ਾਨ ਨਾਲ ਇਕ ਵਫ਼ਦ ਨੇ ਮੁਲਾਕਾਤ ਕੀਤੀ। ਵਫ਼ਦ ਵਿਚ ਹਿੰਦੂ, ਸਿੱਖ, ਮੁਸਲਿਮ ਤੇ ਕ੍ਰਿਸਚਨ ਨੁਮਾਇਂਦੇ ਸ਼ਾਮਲ ਹੋਏ। ਸਿੱਖ ਭਾਈਚਾਰੇ ਤੋਂ ਡਾਕਟਰ ਸੁਰਿੰਦਰ ਸਿੰਘ ਗਿੱਲ, ਸਕੱਤਰ ਜਨਰਲ, ਸਿੱਖਸ ਆਫ਼.ਯੂ.ਐਸ.ਏ, ਅਮਰ ਸਿੰਘ ਮੱਲੀ ਚੇਅਰਮੈਨ ਤੇ ਗੁਰਚਰਨ ਸਿੰਘ ਪ੍ਰਧਾਨ ਵੱਲਡ ਯੂਨਾਇਟਿਡ ਗੁਰੂ ਨਾਨਕ ਫ਼ਾਊਡੇਸ਼ਨ, ਰਾਜ ਰਾਠੋਰ ਚੇਅਰਮੈਨ ਹਿੰਦੂ ਫ਼ਾਊਡੇਸ਼ਨ ਆਫ਼ ਅਮਰੀਕਾ, ਇਲਾਇਸ ਮਸੀਹ ਕ੍ਰਿਸਚਨ ਕੁਮਿਨਟੀ ਅਤੇ ਮੁਸਲਿਮ ਕੁਮਿਨਟੀ ਤੋ ਆਇਸ਼ਾ ਖ਼ਾਨ ਤੇ ਅਨਵਰ ਕਾਜ਼ਮੀ ਸ਼ਾਮਲ ਹੋਏ।
Dr. Asad Majeed Khan
ਵਫ਼ਦ ਦੀ ਅਗਵਾਈ ਕਰਦੇ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ਨੇ ਪਾਕਿਸਤਾਨ ਦੇ ਅੰਬੈਸਡਰ ਡਾਕਟਰ ਅੱਸਦ ਮੁਜ਼ੀਦ ਖ਼ਾਨ ਨਾਲ ਵਫ਼ਦ ਦੀ ਜਾਣ-ਪਛਾਣ ਕਰਵਾਈ। ਉਪਰੰਤ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਯਕੀਨ ਦਿਵਾਉਣ ਦੀ ਗੱਲ ’ਤੇ ਜ਼ੋਰ ਦਿਤਾ। ਕਿਉਂਕਿ ਪਿਛਲੇ ਦਿਨੀ ਪੇਸ਼ਾਵਰ ਵਿਚ ਸਤਿਨਾਮ ਸਿੰਘ ਹਕੀਮ ਨੂੰ ਉਨ੍ਹਾਂ ਦੀ ਕਾਰੋਬਾਰੀ ਦੁਕਾਨ ’ਤੇ ਚਾਰ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ ਸੀ। ਇਹ ਪੇਸ਼ਾਵਰ ਵਿਚ ਦੂਜੀ ਵਾਰਦਾਤ ਸੀ ਜਿਸ ਨਾਲ ਘੱਟ ਗਿਣਤੀਆਂ ਵਿਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ। ਸੋ ਇਸ ਸਬੰਧੀ ਪਾਕਿਸਤਾਨ ਸਰਕਾਰ ਸਖ਼ਤ ਕਦਮ ਚੁੱਕੇ।
ਘੱਟ ਗਿਣਤੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾ ਦਿਤੀ ਜਾਵੇ ਤਾਂ ਜੋ ਭਵਿਖ ਵਿਚ ਅਜਿਹਾ ਕੁਝ ਨਾ ਵਾਪਰੇ। ਗੁਰਚਰਨ ਸਿੰਘ ਨੇ ਕਿਹਾ ਕੇ ਕਰਤਾਰਪੁਰ ਸਾਹਿਬ ਜਾਣ ਲਈ ਪਰਵਾਸੀਆਂ ਨੂੰ ਖੁਲ੍ਹਦਿਲੀ ਨਾਲ ਵੀਜ਼ੇ ਦਿਤੇ ਜਾਣ। ਉਨ੍ਹਾਂ ਕਿਹਾ ਵਿਸਾਖੀ ’ਤੇ ਤਿੰਨ ਸੋ ਸ਼ਰਧਾਲ਼ੂਆਂ ਦਾ ਜੱਥਾ ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਸ ਲਈ ਵੀਜ਼ੇ, ਟਰਾਂਸਪੋਰਟ , ਸਕਿਉਰਟੀ ਤੇ ਰਿਹਾਇਸ਼ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਕਿਹਾ ਗਿਆ ਕਿ ਦੋਵੇਂ ਪਾਸੇ ਕਿਸਾਨੀ ਵਪਾਰ ਨੂੰ ਵਧਾਉਣ ਲਈ ਦੁਵੱਲੀ ਗੱਲ-ਬਾਤ ਦੇ ਰਾਹ ਖੋਲੇ ਜਾਣ। ਬੰਦ ਇਤਹਾਸਕ ਮੰਦਰਾਂ ਨੂੰ ਖੋਲ੍ਹਣ ਦੀ ਵਕਾਲਤ ਕੀਤੀ ਗਈ। ਮੁਸਲਿਮ ਕੁਮਿਨਟੀ ਵਲੋਂ ਨੇਤਾ ਆਇਸ਼ਾ ਖ਼ਾਨ ਨੇ ਕਿਹਾ ਕੇ ਮੁਸਲਿਮ ਭਾਈਚਾਰੇ ਦੀ ਸੁਰੱਖਿਆ ਲਈ ਸਾਨੂੰ ਹਰ ਮੁਮਕਿਨ ਕੋਸ਼ਿਸ ਕਰਨ ਦਾ ਯਕੀਨ ਦਿਵਾਉਣਾ ਪਵੇਗਾ। ਡਾਕਟਰ ਅੱਸਦ ਮੁਜ਼ੀਦ ਅੰਬੈਸਡਰ ਨੇ ਸਾਰੇ ਮਸਲੇ ਹੱਲ ਕਰਨ ਦਾ ਯਕੀਨ ਦਿਵਾਇਆ।