Vancouver ’ਚ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਤਿੰਨ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਤਿੰਨ ਸਾਲ ਪਹਿਲਾਂ ਵਿਸ਼ਾਲ ਵਾਲੀਆ ਦਾ ਗੋਲੀਆਂ ਮਾਰ ਕੀਤੇ ਗਿਆ ਸੀ ਕਤਲ

Three sentenced to life in prison for murder of Punjabi youth in Vancouver

ਵੈਨਕੂਵਰ : ਤਿੰਨ ਸਾਲ ਪਹਿਲਾਂ ਵੈਨਕੂਵਰ ’ਚ ਇਕ ਗੋਲਫ ਕੋਰਸ ਵਿਚ ਇਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ ਕਬੂਲ ਕਰ ਲੈਣ ਦੇ ਬਾਵਜੂਦ ਬੀਸੀ ਸੁਪਰੀਮ ਕੋਰਟ ਦੇ ਜੱਜ ਵੱਲੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ।

ਜੁਰਮ ਕਰਨ ਤੋਂ ਬਾਅਦ ਹਿੰਸਕ ਢੰਗ ਅਪਨਾਉਣ ਬਦਲੇ ਤਿੰਨਾਂ ਨੂੰ 5-5 ਸਾਲ ਵੱਖਰੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕਬਾਲ ਕੰਗ ਅਤੇ ਬੇਪਤਿਸਤੇ ਨੂੰ 17 ਸਾਲਾਂ ਬਾਅਦ ਪੈਰੋਲ ਮਿਲ ਸਕੇਗੀ, ਪਰ ਬਲਰਾਜ ਬਸਰਾ ਲਗਾਤਾਰ 25 ਸਾਲ ਜੇਲ ਵਿੱਚ ਕੱਟਣ ਤੋਂ ਬਾਅਦ ਹੀ ਉਹ ਪੈਰੋਲ ਲਈ ਬੇਨਤੀ ਕਰ ਸਕੇਗਾ।

ਜਾਂਚ ਟੀਮ ਦੇ ਸਾਰਜੈਂਟ ਫਰੈਂਡਾ ਫੋਗ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਸ਼ਾਲ ਵਾਲੀਆ ਨੂੰ ਮਾਰਨ ਤੋਂ ਬਾਅਦ ਸਬੂਤ ਮਿਟਾਉਣ ਦੇ ਯਤਨ ਵਜੋਂ ਆਪਣੇ ਵਾਹਨ ਨੂੰ ਅੱਗ ਲਾਈ ਅਤੇ ਕਿਸੇ ਦਾ ਵਾਹਨ ਖੋਹ ਕੇ ਤੇਜ ਰਫਤਾਰ ਭੱਜ ਦੇ ਸਮੇਂ ਹਾਦਸਿਆਂ ਦੀ ਪ੍ਰਵਾਹ ਕੀਤੇ ਬਗੈਰ ਕਈ ਜਾਨਾਂ ਨੂੰ ਖਤਰੇ ਵਿੱਚ ਪਾਇਆ। ਘਟਨਾ ਤੋਂ ਬਾਅਦ ਉਨ੍ਹਾਂ ਦਾ ਵਾਹਨ ਰੁਕਣ ਕਾਰਨ ਰਿਚਮੰਡ ਪੁਲੀਸ ਵੱਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵਿਸ਼ਾਲ ਵਾਲੀਆ ਤਿੰਨ੍ਹਾਂ ਦੋਸ਼ੀਆਂ ਦਾ ਦੋਸਤ ਸੀ, ਪਰ ਕਿਸੇ ਗੱਲ ਤੋਂ ਝਗੜਾ ਹੋਣ ਕਾਰਨ ਯੋਜਨਾਬੱਧ ਤਰੀਕੇ ਨਾਲ 17 ਅਕਤੂਬਰ 2022 ਨੂੰ ਯੂਬੀਸੀ ਕੈਂਪਸ ਵਿੱਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।