ਹਰਿਆਣਾ 'ਚ ਸੰਘਣੀ ਧੁੰਦ ਕਾਰਨ ਸਕੂਲ ਬੱਸ ਦੀ ਟਰੱਕ ਨਾਲ ਟੱਕਰ, 22 ਬੱਚੇ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਰਾਹਤ ਦੀ ਗੱਲ ਹੈ ਕਿ ਕਿਸੇ ਵੀ ਬੱਚੇ ਨੂੰ ਨਹੀਂ ਲੱਗੀ ਗੰਭੀਰ ਸੱਟ

photo

 

ਸਢੌਰਾ : ਹਰਿਆਣਾ ਦੇ ਸਢੌਰਾ ਦੇ ਕਾਲਾ ਅੰਬ ਰੋਡ ’ਤੇ ਅੱਜ ਸਵੇਰੇ ਜਾਨਕੀ ਜੀ ਗਲੋਬਲ ਪਬਲਿਕ ਸਕੂਲ ਮਰਵਾ ਕਲਾਂ ਦੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸਕੂਲ ਬੱਸ ਦੀ ਈਦਗਾਹ ਦੇ ਸਾਹਮਣੇ ਵਾਲੇ ਪਾਸੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ 22 ਬੱਚੇ ਅਤੇ ਇੱਕ ਮਹਿਲਾ ਕੇਅਰਟੇਕਰ ਜ਼ਖ਼ਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸੀ.ਐੱਚ.ਸੀ ਵਿਚ ਭਰਤੀ ਕਰਵਾਇਆ ਗਿਆ। ਇਹ ਰਾਹਤ ਦੀ ਗੱਲ ਹੈ ਕਿ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ।

ਬੱਚਿਆਂ ਦੇ ਰਿਸ਼ਤੇਦਾਰਾਂ ਨੇ ਸਕੂਲ ’ਤੇ ਗੰਭੀਰ ਦੋਸ਼ ਲਾਉਂਦਿਆਂ ਰੋਸ ਪ੍ਰਗਟ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਇਹ ਹਾਦਸਾ ਸਕੂਲ ਬੱਸ ਦੇ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਬੱਸ ਤੇਜ਼ ਰਫਤਾਰ ਨਾਲ ਧੁੰਦ 'ਚ ਭਾਰੀ ਵਾਹਨਾਂ ਨੂੰ ਓਵਰਟੇਕ ਕਰ ਰਹੀ ਸੀ, ਜਿਸ ਕਾਰਨ ਬੱਸ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਥਾਣਾ ਸਢੌਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਰਿਸ਼ਤੇਦਾਰ ਵੀ ਸਢੌਰਾ ਸੀ.ਐੱਚ.ਸੀ. ਪਹੁੰਚ ਗਏ। ਕੁਝ ਹੀ ਦੇਰ 'ਚ ਸਕੂਲ ਦੀ ਪ੍ਰਿੰਸੀਪਲ ਅੰਜੂ ਗੋਸਵਾਮੀ ਵੀ ਉਥੇ ਪਹੁੰਚ ਗਈ, ਉਦੋਂ ਹੀ ਰਿਸ਼ਤੇਦਾਰਾਂ ਨੇ ਪ੍ਰਿੰਸੀਪਲ ਨੂੰ ਘੇਰ ਲਿਆ।  ਬੱਚਿਆਂ ਦੇ ਮਾਪਿਆਂ ਨੇ  ਕਿਹਾ ਕਿ ਸਕੂਲ ਦਾ ਡਰਾਈਵਰ ਸਵੇਰੇ ਦੇਰ ਨਾਲ ਆਉਂਦਾ ਹੈ ਅਤੇ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣ ਲਈ ਰੋਜ਼ਾਨਾ ਤੇਜ਼ ਰਫ਼ਤਾਰ ਨਾਲ ਬੱਸ ਚਲਾਉਂਦਾ ਹੈ। ਇਸ ਲਈ ਇਹ ਹਾਦਸਾ ਡਰਾਈਵਰ ਦੀ ਲਾਪ੍ਰਵਾਹੀ ਅਤੇ ਸਕੂਲ ਦੀ ਨਾਕਾਮੀ ਕਾਰਨ ਵਾਪਰਿਆ ਹੈ।