Canada ’ਚ ਪੰਜਾਬੀ ਸਿੱਖ ਜੋੜੇ ਦੇ ਕਤਲ ਦਾ ਮਾਮਲਾ: ਪੁੱਤਰ ਨੇ ਚੁੱਕੇ ਕੈਨੇਡਾ ਪੁਲਿਸ ’ਤੇ ਸਵਾਲ, ਕਾਤਲ ਅਜੇ ਤਕ ਫਰਾਰ
ਕਿਹਾ, ਕਤਲ ਤੋਂ ਕੁੱਝ ਦਿਨ ਪਹਿਲਾਂ ਉਸ ਦੇ ਮਾਪਿਆਂ ਨੂੰ ਮਿਲੀ ਸੀ ਕੈਨੇਡਾ ਦੀ ਪੁਲਿਸ
ਮੈਂ ਤਾਂ ਇਹ ਸੋਚ ਕੇ ਕੈਨੇਡਾ ਵਸਿਆ ਸੀ ਕਿ ਇਹ ਦੇਸ਼ ਸੁਰੱਖਿਅਤ ਹੈ, ਪਰ ਮੈਨੂੰ ਲਗਦੈ ਮੈਂ ਸੱਭ ਤੋਂ ਵੱਡੀ ਗ਼ਲਤੀ ਕਰ ਲਈ : ਗੁਰਦਿੱਤ ਸਿੰਘ ਸਿੱਧੂ
ਭੈਣ ਅਜੇ ਵੀ ਲੜ ਰਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ
ਟੋਰਾਂਟੋ : ਕੈਨੇਡਾ ਵਾਸੀ ਇਕ ਸਿੱਖ ਵਿਅਕਤੀ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੈਨੇਡਾ ਦੇ ਉਂਟਾਰੀਉ ਸੂਬੇ ਵਿਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਜਾਣ ਤੋਂ ਸਿਰਫ ਚਾਰ ਦਿਨ ਪਹਿਲਾਂ ਪੁਲਿਸ ਨੇ ਉਸ ਦੇ ਮਾਪਿਆਂ ਨਾਲ ਗੱਲ ਕੀਤੀ ਸੀ, ਜੋ ਪੰਜਾਬ ਤੋਂ ਕੈਨੇਡਾ ਆਏ ਸਨ। ਜਗਤਾਰ ਸਿੰਘ ਸਿੱਧੂ ਅਤੇ ਹਰਭਜਨ ਕੌਰ ਦਾ 20 ਨਵੰਬਰ ਦੀ ਰਾਤ ਨੂੰ ਕੈਲੇਡਨ-ਬਰੈਂਪਟਨ ਸਰਹੱਦ ’ਤੇ ਕਿਰਾਏ ਦੇ ਮਕਾਨ ’ਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਨੂੰ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ। ਜਗਤਾਰ ਸਿੰਘ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਭਜਨ ਕੌਰ ਨੇ ਹਸਪਤਾਲ ’ਚ ਦਮ ਤੋੜ ਦਿਤਾ। ਉਨ੍ਹਾਂ ਦੀ ਬੇਟੀ ਨੂੰ ਵੀ 13 ਗੋਲੀਆਂ ਲੱਗੀਆਂ ਹਨ ਜੋ ਇਸ ਵੇਲੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਮ੍ਰਿਤਕ ਜੋੜੇ ਦੇ ਬੇਟੇ ਕੈਨੇਡੀਅਨ ਨਾਗਰਿਕ ਗੁਰਦਿੱਤ ਸਿੰਘ ਸਿੱਧੂ ਨੇ ਸਥਾਨਕ ਟੀ.ਵੀ. ਚੈਨਲ ਸੀ.ਬੀ.ਸੀ. ਨਿਊਜ਼ ਨੂੰ ਦਸਿਆ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਮਾਪਿਆਂ ਨਾਲ ਅਜਿਹਾ ਕਿਉਂ ਅਤੇ ਕਿਸ ਨੇ ਕੀਤਾ। ਦੋਵੇਂ ਜਨਵਰੀ ਵਿਚ ਭਾਰਤ ਪਰਤਣ ਵਾਲੇ ਸਨ। ਗੁਰਦਿੱਤ ਸਿੰਘ ਸਿੱਧੂ ਨੇ ਸਵਾਲ ਕੀਤਾ ਕਿ ਪੀਲ ਰੀਜਨਲ ਪੁਲਿਸ ਦੇ ਹੋਮਿਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਦਾ ਇਕ ਅਧਿਕਾਰੀ ਉਸ ਦੇ ਘਰ ਕਿਉਂ ਆਇਆ ਅਤੇ ਵਾਰਦਾਤ ਤੋਂ ਚਾਰ ਦਿਨ ਪਹਿਲਾਂ ਉਸ ਦੇ ਮਾਪਿਆਂ ਨਾਲ ਗੱਲ ਕਿਉਂ ਕੀਤੀ?
ਉਸ ਨੇ ਕਿਹਾ, ‘‘ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਉਨ੍ਹਾਂ ਨੂੰ ਇੱਥੇ ਕਦੇ ਨਹੀਂ ਬੁਲਾਉਣਾ ਚਾਹੀਦਾ ਸੀ। ਮੈਂ ਸਿਰਫ ਅਪਣੀ ਭੈਣ ਲਈ ਪ੍ਰਾਰਥਨਾ ਕਰ ਰਿਹਾ ਹਾਂ।’’ ਉਸ ਨੇ ਅਜੇ ਤਕ ਭੈਣ ਨੂੰ ਮਾਪਿਆਂ ਦੀ ਮੌਤ ਬਾਰੇ ਨਹੀਂ ਦਸਿਆ ਹੈ। ਸਿੱਧੂ ਨੇ ਅਪਣੀ ਭੈਣ ਦੀ ਦੇਖਭਾਲ ਲਈ ਅਪਣੀ ਨੌਕਰੀ ਵੀ ਛੱਡ ਦਿਤੀ ਹੈ। ਉਸ ਨੇ ਕਿਹਾ ਕਿ ਗੋਲੀਬਾਰੀ ਬਾਰੇ ਜਾਣਨ ਤੋਂ ਬਾਅਦ ਸੱਭ ਤੋਂ ਪਹਿਲਾਂ ਉਸ ਦੇ ਦਿਮਾਗ ’ਚ ਇਹ ਗੱਲ ਆਈ ਕਿ ਕਤਲ ਤੋਂ ਪਹਿਲਾਂ ਪੁਲਿਸ ਉਸ ਦੇ ਮਾਪਿਆਂ ਨੂੰ ਮਿਲਣ ਕਿਉਂ ਆਈ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਸ ਨੇ ਕਿਹਾ, ‘‘ਇਹ ਉਹ ਸਵਾਲ ਹੈ ਜੋ ਅਸੀਂ ਪੁਲਿਸ ਨੂੰ ਪੁਛਣਾ ਚਾਹੁੰਦੇ ਹਾਂ। ਤੁਸੀਂ ਇੱਥੇ ਕਿਉਂ ਆਏ? ਮੇਰੇ ਪਰਵਾਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਤੁਸੀਂ ਸਾਨੂੰ ਕੁੱਝ ਕਿਉਂ ਨਹੀਂ ਦਸਿਆ? ਕਿਉਂਕਿ ਬੇਸ਼ਕ ਉਹ ਜਾਣਦੇ ਸਨ ਕਿ ਕੁੱਝ ਹੋਣ ਵਾਲਾ ਹੈ।’’ ਉਸ ਨੇ ਅੱਗੇ ਕਿਹਾ, ‘‘ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਕੈਨੇਡਾ ’ਚ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ। ਮੈਂ ਇਹੀ ਸੋਚ ਕੇ ਇੱਥੇ ਨਾਗਰਿਕਤਾ ਲੈ ਲਈ ਕਿ ਇਹ ਇਕ ਸੁਰੱਖਿਅਤ ਦੇਸ਼ ਹੈ।’’
ਸਿੱਧੂ ਦੇ ਮਾਤਾ-ਪਿਤਾ 16 ਨਵੰਬਰ ਨੂੰ ਘਰ ’ਚ ਇਕੱਲੇ ਸਨ, ਜਦੋਂ ਪੀਲ ਪੁਲਿਸ ਨੇ ਮੇਫੀਲਡ ਅਤੇ ਏਅਰਪੋਰਟ ਰੋਡ ਨੇੜੇ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ। ਕਿਉਂਕਿ ਉਨ੍ਹਾਂ ਵਿਚੋਂ ਕੋਈ ਵੀ ਅੰਗਰੇਜ਼ੀ ਨਹੀਂ ਬੋਲਦਾ ਸੀ, ਇਸ ਲਈ ਉਨ੍ਹਾਂ ਨੇ ਅਪਣੇ ਦੋਸਤ ਦਮਨਪ੍ਰੀਤ ਸਿੰਘ ਨੂੰ ਫ਼ੋਨ ਲਗਾਇਆ, ਜਿਸ ਨੇ ਉਨ੍ਹਾਂ ਲਈ ਗੱਲਬਾਤ ਦਾ ਅਨੁਵਾਦ ਕੀਤਾ।
ਦਮਨ ਪ੍ਰੀਤ ਸਿੰਘ ਨੇ ਸੀ.ਬੀ.ਸੀ. ਟੋਰਾਂਟੋ ਨੂੰ ਦਸਿਆ ਪੁਲਿਸ ਪੁੱਛ ਰਹੀ ਸੀ ਕਿ ਘਰ ’ਚ ਕੌਣ ਰਹਿ ਰਿਹਾ ਹੈ, ਕਿਉਂਕਿ ਗੁਰਦਿੱਤ ਸਿੰਘ ਸਿੱਧੂ ਦੇ ਇਕ ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ। ਦਮਨਪ੍ਰੀਤ ਸਿੰਘ ਨੇ ਕਿਹਾ, ‘‘ਪੁਲਿਸ ਅਧਿਕਾਰੀ ਮੈਨੂੰ ਦੱਸ ਰਹੇ ਸਨ ਕਿ ਉਹ ਇਥੇ ਕਿਸੇ ਦੀ ਭਾਲ ਕਰ ਰਹੇ ਹਨ।’’ ਸਿੱਧੂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਪੀਲ ਪੁਲਿਸ ਇਹ ਸਵਾਲ ਕਿਉਂ ਪੁੱਛ ਰਹੀ ਹੈ, ਕਿਉਂਕਿ ਉਸ ਦਾ ਘਰ ਉਂਟਾਰੀਉ ਪੁਲਿਸ ਦੇ ਅਧਿਕਾਰ ਖੇਤਰ ’ਚ ਹੈ।
ਸਿੱਧੂ ਨੇ ਕਿਹਾ ਕਿ ਉਸ ਦੀ ਮਾਤਾ ਨੇ ਉਸ ਨੂੰ ਦਸਿਆ ਸੀ ਕਿ ਪੁਲਿਸ ਲਗਭਗ ਇਕ ਘੰਟਾ ਸੜਕ ’ਤੇ ਖੜੀ ਰਹੀ ਅਤੇ ਪੁਲਿਸ ਅਧਿਕਾਰੀ ਨੇ ਅਪਣਾ ਕਾਰਡ ਉਨ੍ਹਾਂ ਕੋਲ ਛੱਡ ਦਿਤਾ ਸੀ, ਜਿਸ ’ਚ ਉਸ ਦਾ ਬੈਜ ਨੰਬਰ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦੌਰੇ ਬਾਰੇ ਕਈ ਵਾਰ ਪੁਲਿਸ ਨੂੰ ਪੁਛਿਆ ਸੀ ਪਰ ਉਹ ਕਹਿ ਰਹੇ ਸਨ ਕਿ ਉਹ ਕੁੱਝ ਨਹੀਂ ਕਹਿ ਸਕਦੇ ਅਤੇ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ।
ਵਾਰਦਾਤ ਤੋਂ ਤੁਰਤ ਬਾਅਦ ਜਾਂਚ ਸ਼ੁਰੂ ਕਰਦਿਆਂ ਉਂਟਾਰੀਉ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਨੇ ਕਿਹਾ ਕਿ ਹੋ ਸਕਦਾ ਹੈ ਕਿ ਦੋਹਾਂ ਦਾ ਕਤਲ ਗਲਤ ਪਛਾਣ ਕਾਰਨ ਹੋਇਆ ਹੋਵੇ। ਉਨ੍ਹਾਂ ਦਾ ਮੰਨਣਾ ਹੈ ਕਿ ਕਤਲ ’ਚ ਕਈ ਸ਼ੱਕੀ ਸ਼ਾਮਲ ਸਨ। ਓ.ਪੀ.ਪੀ. ਡਿਟੈਕਟਿਵ ਇੰਸਪੈਕਟਰ ਬ੍ਰਾਇਨ ਮੈਕਡਰਮੋਟ ਨੇ ‘ਟੋਰਾਂਟੋ ਸਟਾਰ’ ਅਖਬਾਰ ਨੂੰ ਦਸਿਆ ਕਿ ਜਾਂਚਕਰਤਾ ਕਤਲ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਇਸ ਪਹਿਲੂ ’ਤੇ ਕੋਈ ਠੋਸ ਫੈਸਲਾ ਲੈਣਾ ਅਜੇ ਜਲਦਬਾਜ਼ੀ ਹੋਵੇਗੀ।