ਸਮ੍ਰਿਤੀ ਮੰਧਾਨਾ ਨੂੰ ਚੁਣਿਆ 'ਕ੍ਰਿਕਟਰ ਆਫ ਦਿ ਈਅਰ'

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੂੰ ਸੋਮਵਾਰ ਨੂੰ ਆਈ. ਸੀ. ਸੀ. ਨੇ ਸਾਲ ਦੀ ਬੈਸਟ ਮਹਿਲਾ ਕ੍ਰਿਕਟਰ ਅਤੇ ਸਾਲ ਦੀ ਬੈਸਟ ਮਹਿਲਾ ਵਨਡੇ ਖਿਡਾਰੀ ਚੁਣਿਆ ਹੈ........

Smriti Mandhana

ਦੁਬਈ : ਭਾਰਤੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੂੰ ਸੋਮਵਾਰ ਨੂੰ ਆਈ. ਸੀ. ਸੀ. ਨੇ ਸਾਲ ਦੀ ਬੈਸਟ ਮਹਿਲਾ ਕ੍ਰਿਕਟਰ ਅਤੇ ਸਾਲ ਦੀ ਬੈਸਟ ਮਹਿਲਾ ਵਨਡੇ ਖਿਡਾਰੀ ਚੁਣਿਆ ਹੈ। ਖੱਬੇ ਹੱਥ ਦੀ ਹੁਨਰਮੰਦ ਬੱਲੇਬਾਜ਼ ਮੰਧਾਨਾ ਨੂੰ 'ਸਾਲ ਦੀ ਮਹਿਲਾ ਕ੍ਰਿਕਟਰ' ਬਣਨ 'ਤੇ ਰਾਚੇਲ ਹੇਯੋ ਫਲਿੰਟ ਪੁਰਸਕਾਰ ਦਿਤਾ ਗਿਆ। ਮੰਧਾਨਾ ਨੇ 2018 ਵਿਚ 12 ਵਨਡੇ ਮੈਚਾਂ ਵਿਚ 669 ਦੌੜਾਂ ਅਤੇ 25 ਟੀ-20 ਕੌਮਾਂਤਰੀ ਮੈਚਾਂ ਵਿਚ 662 ਦੌੜਾਂ ਬਣਾਈਆਂ। ਵਨਡੇ ਵਿਚ ਉਸ ਨੇ 66.90 ਦੀ ਔਸਤ ਨਾਲ ਦੌੜਾਂ ਬਣਾਈਆਂ ਜਦਕਿ ਟੀ-20 ਵਿਚ ਉਸ ਦਾ ਸਟ੍ਰਾਈਕ ਰੇਟ 130.67 ਰਿਹਾ।

ਮੰਧਾਨਾ ਨੇ ਵਿੰਡੀਜ਼ ਵਿਚ ਮਹਿਲਾ ਵਿਸ਼ਵ ਟੀ-20 ਵਿਚ ਭਾਰਤ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਈ। ਉਸ ਨੇ ਇਸ ਟੂਰਨਾਮੈਂਟ ਵਿਚ 5 ਮੈਚਾਂ ਵਿਚ 125.35 ਦੀ ਔਸਤ ਨਾਲ 178 ਦੌੜਾਂ ਬਣਾਈਆਂ ਸੀ। ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ ਕਿ ਉਹ ਅਜੇ ਵਨਡੇ ਰੈਂਕਿੰਗ ਵਿਚ ਚੌਥੇ ਅਤੇ ਟੀ-20 ਵਿਚ 10ਵੇਂ ਸਥਾਨ 'ਤੇ ਹੈ। ਮੰਧਾਨਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੋਂ ਬਾਅਦ ਆਈ. ਸੀ. ਸੀ. ਪੁਰਸਕਾਰ ਹਾਸਲ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਕ੍ਰਿਕਟਰ ਹੈ। ਝੂਲਨ ਨੂੰ 2007 ਵਿਚ ਆਈ. ਸੀ. ਸੀ. ਨੇ 'ਕ੍ਰਿਕਟਰ ਆਫ ਦਿ ਈਅਰ' ਚੁਣਿਆ ਸੀ।

ਮੰਧਾਨਾ ਨੇ ਇਸ ਉਪਲੱਬਧੀ 'ਤੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੇ ਪੁਰਸਕਾਰਾਂ ਨਾਲ ਤੁਹਾਡੇ ਪ੍ਰਦਰਸ਼ਨ ਨੂੰ ਮਾਣ ਦਿਤਾ ਜਾਂਦਾ ਹੈ ਤਾਂ ਇਸ ਨਾਲ ਸਖਤ ਮਿਹਨਤ ਕਰਨ ਅਤੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲਦੀ ਹੈ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਵੀ ਮੰਧਾਨਾ ਨੂੰ ਵਧਾਈ ਦਿਤੀ।

ਉਸ ਨੇ ਕਿਹਾ ਕਿ ਸਮ੍ਰਿਤੀ ਨੇ ਮਹਿਲਾ ਕ੍ਰਿਕਟ ਲਈ ਇਸ ਯਾਦਗਾਰ ਸਾਲ ਵਿਚ ਅਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਣ ਨੂੰ ਰੋਮਾਂਚਤ ਕੀਤਾ ਹੈ। 
ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ ਐਲਿਸਾ ਹੀਲੀ ਨੂੰ ਆਈ. ਸੀ. ਸੀ. ਵਲੋਂ ਸਾਲ ਦੀ ਟੀ-20 ਕ੍ਰਿਕਟਰ ਚੁਣਿਆ ਗਿਆ ਹੈ। ਇੰਗਲੈਂਡ ਦੀ 19 ਸਾਲਾ ਸਪਿਨਰ ਸੋਫੀ ਐਕਲੇਸਟੋਨ ਨੂੰ ਸਾਲ ਦੀ ਉੱਭਰਨ ਵਾਲੀ ਖਿਡਾਰੀ ਚੁਣਿਆ ਹੈ। (ਪੀਟੀਆਈ)

2018 ਦਾ ਰੀਪੋਰਟ ਕਾਰਡ

12 ਵਨਡੇ ਮੈਚ : 669 ਦੌੜਾਂ 

25 ਟੀ-20 : 662 ਦੌੜਾਂ