ਪੰਡਤ ਧਰੇਨਵਰ ਰਾਓ ਨੇ ਕੇਜਰੀਵਾਲ ਨੂੰ 3500 ਰੁਪਏ ਦਾ ਚੈੱਕ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਹਾ, ਪੰਜਾਬ ਦੀ ਸੱਤਾ ਦੇ ਸੁਪਨੇ ਲੈਣੇ ਹਨ ਤਾਂ ਪੰਜਾਬੀ ਵੀ ਸਿਖਣੀ ਚਾਹੀਦੀ ਹੈ

Pandit Dharennavar Rao sent a check for Rs 3,500 to Kejriwal

ਟਿਊਸ਼ਨ ਰੱਖ ਕੇ ਪੰਜਾਬੀ ਸਿਖਣ ਦੀ ਦਿਤੀ ਸਲਾਹ

ਚੰਡੀਗੜ੍ਹ, 31 ਦਸੰਬਰ (ਭੁੱਲਰ) : ਚੰਡੀਗੜ੍ਹ ਦੇ ਪ੍ਰੋ.ਪੰਡਿਤ ਰਾਓ ਧਰੇਨਵਰ ਰਾਓ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀ ਸਿਖਣ ਦੀ ਸਲਾਹ ਦਿਤੀ ਹੈ ਅਤੇ ਨਾਲ ਹੀ ਟਿਊਸ਼ਨ ਰੱਖਣ ਲਹੀ 3500 ਰੁਪਏ ਦਾ ਚੈੱਕ ਵੀ ਭੇਜਿਆ ਹੈ।

ਉਨ੍ਹਾਂ ਅੱਜ ਰਾਜਧਾਨੀ ਦੇ ਸੈਕਟਰ 17 ਦੇ ਪਲਾਜ਼ਾ ਤੇ ਹੋਰ ਵੱਖ ਵੱਖ ਥਾਵਾਂ ਉਪਰ ਇਸ ਸਬੰਧੀ ਅਪਣੀ ਮੰਗ ਵਾਲੇ ਬੈਨਰ ਸਿਰ ’ਤੇ ਰੱਖ ਕੇ ਪ੍ਰਦਰਸ਼ਨ ਵੀ ਕੀਤਾ। ਪੰਡਤ ਰਾਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬੀ ਦਾ ਸਤਿਕਾਰ ਕਰਨਾ ਤੇ ਕਰਵਾਉਣਾ ਹੈ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਕੇਜਰੀਵਾਲ ਵਾਰ ਵਾਰ ਪੰਜਾਬ ਆਉਂਦੇ ਹਨ ਪਰ ਪੰਜਾਬੀ ’ਚ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਪ ਆਗੂ ਰਾਘਵ ਚੱਢਾ ਪੰਜਾਬ ਦਾ ਪਿਛੋਕੜ ਹੋਣ ਦੇ ਬਾਵਜੂਦ ਪੰਜਾਬੀ ਨਹੀਂ ਬੋਲਦੇ। 

ਪੰਡਤ ਰਾਓ ਦਾ ਕਹਿਣਾ ਹੈ ਕਿ ਕੇਜਰੀਵਾਲ ਵੀ ਹਰਿਆਣਾ  ਤੋਂ ਹਨ ਅਤੇ 1970 ਤੋਂ ਪਹਿਲਾਂ ਹਰਿਆਣਾ ਦੀ ਭਾਸ਼ਾ ਵੀ ਪੰਜਾਬੀ ਰਹੀ ਹੈ। ਇਸ ਲਈ ਮੈਂ ਪੰਜਾਬੀ ਦੀ ਪੈਂਤੀ ਸਿੱਖਣ ਲਈ ਕੇਜਰੀਵਾਲ ਨੂੰ 3500 ਰੁਪਏ ਦਾ ਚੈੱਕ ਭੇਜਿਆ ਹੈ ਕਿਉਂਕਿ ਮੈਂ ਸੋਹਣੀ ਪੰਜਾਬੀ ਲਿਖਣ ਤੇ ਪੜ੍ਹਨ ਵਾਲੇ ਹਰ ਇਕ ਬੱਚੇ ਨੂੰ ਵੀ 35 ਰੁਪਏ ਦਿੰਦਾ ਹਾਂ।

ਉਨ੍ਹਾਂ ਕਿਹਾ ਕਿ ਮੈਂ ਕਰਨਾਟਕ ਤੋਂ ਆ ਕੇ ਪੰਜਾਬੀ ਸਿੱਖ ਸਕਦਾ ਹਾਂ ਅਤੇ ਜਪੁਜੀ ਸਾਹਿਬ ਦਾ ਅਨੁਵਾਦ ਪੰਜਾਬੀ ’ਚ ਕੀਤਾ ਹੈ ਤਾਂ ਕੇਜਰੀਵਾਲ ਨੂੰ ਪੰਜਾਬੀ ਸਿੱਖਣ ’ਚ ਕੋਈ ਮੁਸ਼ਕਲ ਨਹੀਂ ਹੋਵੇਗੀ। ਪੰਜਾਬ ਦੀ ਸੱਤਾ ਦੇ ਸੁਪਨੇ ਲੈਣੇ ਹਨ ਤਾਂ ਪੰਜਾਬੀ ਵੀ ਸਿਖਣੀ ਚਾਹੀਦੀ ਹੈ।