ਵਿਸ਼ਵ ਕੱਪ ਲਈ ਕੁਆਲੀਫ਼ਾਈ ਨਾ ਹੋਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜ਼ਿੰਬਾਬਵੇ ਕ੍ਰਿਕਟ ਕਪਤਾਨ ਤੇ ਪੂਰਾ ਕੋਚਿੰਗ ਸਟਾਫ਼ ਬਰਖ਼ਾਸਤ

Zimbawe

ਜ਼ਿੰਬਾਬਵੇ ਕ੍ਰਿਕਟ (ਜੇਡਸੀ) ਨੇ ਆਈ.ਸੀ.ਸੀ. ਵਿਸ਼ਵ ਕੱਪ ਕੁਆਲੀਫ਼ਾਈ 'ਚ ਬੁਰੇ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਕਪਤਾਨ ਗ੍ਰੇਮ ਕ੍ਰੇਮਰ ਅਤੇ ਪੂਰੇ ਕੋਚਿੰਗ ਸਟਾਫ਼ ਨੂੰ ਬਰਖ਼ਾਸਤ ਕਰ ਦਿਤਾ ਹੈ। ਇਕ ਰੀਪੋਰਟ ਮੁਤਾਬਕ ਜੇਡਸੀ ਨੇ ਇਨ੍ਹਾਂ ਸੱਭ ਨੂੰ ਤੈਅ ਸਮਾਂ ਸੀਮਾ ਦੇ ਅੰਦਰ-ਅੰਦਰ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਲਈ ਕਿਹਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਇਨ੍ਹਾਂ ਸੱਭ ਨੂੰ ਬਰਖ਼ਾਸਤ ਕਰ ਦਿਤਾ ਗਿਆ।ਇਸ ਦੇ ਨਾਲ ਹੀ ਮੁੱਖ ਕੋਚ ਹੀਥ ਸਟ੍ਰੀਕ, ਬੱਲੇਬਾਜ਼ੀ ਕੋਚ ਲਾਂਸ ਕਲੂਜਨਰ, ਗੇਂਦਾਬਾਜ਼ੀ ਕੋਚ ਡਗਲਸ ਹੋਂਡੋ ਅਤੇ ਫ਼ੀਲਡਿੰਗ ਕੋਚ ਵਾਲਟਰ ਚਾਵਾਗੁਟਾ, ਫਿਟਨੈੱਸ ਕੋਚ ਸੀਨ ਬੇਲ ਅਤੇ ਟੀਮ ਐਨਾਲਿਸਟ ਸਟਾਨਲੇ ਚਿਓਆ ਦਾ ਸਫ਼ਰ ਜ਼ਿੰਬਾਬਵੇ ਟੀਮ ਨਾਲ ਖ਼ਤਮ ਹੋ ਗਿਆ ਹੈ। ਅੰਡਰ-19 ਟੀਮ ਦੇ ਕੋਚ ਸਟੀਫ਼ਨ ਮਾਗੋਗੋ ਅਤੇ ਵਿਆਨ ਜੇਮਜ਼ ਨਾਲ ਮੁੱਖ ਚੋਣਕਰਤਾ ਟਟੇਂਡਾ ਟਾਇਬੂ ਨੂੰ ਵੀ ਹਟਾ ਦਿਤਾ ਗਿਆ ਹੈ।ਜੇਡਸੀ ਦੇ ਐਮ.ਡੀ. ਹਮਨੇਨ ਨੇ ਸਟ੍ਰੀਕ ਨੂੰ ਭੇਜੇ ਗਏ ਈ-ਮੇਲ 'ਚ ਲਿਖਿਆ ਕਿ ਸਾਡੇ ਦਰਮਿਆਨ ਹੋਈ ਗੱਲਬਾਤ ਤੋਂ ਬਾਅਤ ਤੁਸੀਂ ਅਪਣੇ ਤਕਨੀਕੀ ਸਟਾਫ਼,

ਜਿਸ 'ਚ ਤੁਸੀਂ ਵੀ ਸ਼ਾਮਲ ਹੋ, ਨੂੰ ਅਧਿਕਾਰਕ ਤੌਰ 'ਤੇ ਅਸਤੀਫ਼ਾ ਦੇਣ ਲਈ ਕਹੋ। ਇਸ ਤੋਂ ਬਾਅਦ ਤਕਨੀਕੀ ਟੀਮ ਉਨ੍ਹਾਂ ਨੂੰ ਬਰਖ਼ਾਸਤ ਮੰਨ ਲਵੇਗੀ ਅਤੇ ਉਨ੍ਹਾਂ ਨੂੰ ਅਹੁਦਿਆਂ ਤੋਂ ਤੁਰਤ ਹਟਾ ਦਿਤਾ ਜਾਵੇਗਾ। ਸਟ੍ਰੀਕ ਅਤੇ ਉਨ੍ਹਾਂ ਦੇ ਸਟਾਫ਼ ਨੇ ਇਹ ਕਹਿੰਦਿਆਂ ਅਸਤੀਫ਼ੇ ਦੇਣ ਤੋਂ ਇਨਕਾਰ ਕਰ ਦਿਤਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਟੀਮ ਦੀ ਅਸਫ਼ਲਤਾ ਦਾ ਮਤਲਬ ਪੂਰੀ ਤਰ੍ਹਾਂ ਉਨ੍ਹਾਂ ਦੇ ਕੰਮ ਦੀ ਅਸਫ਼ਲਤਾ ਨਹੀਂ ਹੈ। ਸਟ੍ਰੀਕ ਨੇ ਇਸ 'ਤੇ ਨਿਰਾਸ਼ਾ ਜਤਾਈ ਹੈ।
ਉਨ੍ਹਾਂ ਕਿਹਾ ਕਿ ਇਕ ਸਾਬਕਾ ਖਿਡਾਰੀ ਅਤੇ ਕੋਚ ਦੇ ਤੌਰ 'ਤੇ ਮੈਂ ਜੋ ਜਿੰਬਾਬੇ ਕ੍ਰਿਕਟ ਨੂੰ ਦਿਤਾ, ਉਸ ਦੇ ਬਦਲੇ ਇਕ ਈ-ਮੇਲ ਭੇਜ ਕੇ, ਉਹ ਵੀ ਬਿਨਾਂ ਕਿਸੇ ਪੂਰੀ ਜਾਣਕਾਰੀ ਤੋਂ, ਹਟਾ ਦੇਣਾ, ਇਹ ਮੈਂ ਉਮੀਦ ਨਹੀਂ ਸੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹੈ ਕਿ ਹਰ ਕੋਚ ਦਾ ਕਾਰਜਕਾਲ ਖ਼ਤਮ ਹੁੰਦਾ ਹੈ ਪਰ ਸਾਨੂੰ ਘੱਟੋ-ਘੱਟ ਸਾਡੀ ਗੱਲ ਰੱਖਣ ਦਾ ਮੌਕਾ ਤਾਂ ਮਿਲਣਾ ਚਾਹੀਦਾ ਸੀ। ਮੈਂ ਟੀਮ ਨੂੰ 2020 'ਚ ਹੋਣ ਵਾਲੇ ਟੀ20 ਵਿਸ਼ਵ ਕੱਪ 'ਚ ਲਿਜਾਣ ਬਾਰੇ ਸੋਚ ਰਿਹਾ ਸੀ।  (ਏਜੰਸੀ)