IPL 2025 : ਸ਼ਾਨਦਾਰ ਗੇਂਦਬਾਜ਼ੀ ਅਤੇ ਦਮਦਾਰ ਬੱਲੇਬਾਜ਼ੀ ਬਦੌਲਤ ਪੰਜਾਬ ਕਿੰਗਜ਼ ਨੇ ਅਪਣਾ ਲਗਾਤਾਰ ਦੂਜਾ ਮੈਚ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਦਿਤੀ ਮਾਤ

PK Vs LSG

ਲਖਨਊ : IPL ’ਚ ਅਪਣੀ ਜਿੱਤ ਦੀ ਮੁਹਿੰਮ ਜਾਰੀ ਰਖਦਿਆਂ ਪੰਜਾਬ ਕਿੰਗਜ਼ ਦੀ ਟੀਮ ਨੇ ਅਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਲਖਨਊ ਸੁਪਰ ਜਾਇੰਟਸ ਵਿਰੁਧ ਖੇਡਦਿਆਂ 172 ਗੇਂਦਾਂ ਦੇ ਟੀਚੇ ਨੂੰ ਪੰਜਾਬ ਨੇ ਆਸਾਨੀ ਨਾਲ 16.2 ਓਵਰਾਂ ’ਚ ਹੀ ਸਿਰਫ਼ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਮ ਲਈ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਜ਼ਿਆਦਾ 69 ਦੌੜਾਂ ਬਣਾਈਆਂ। ਕਪਤਾਨ ਸ਼੍ਰੇਆਸ ਅੲਅਰ ਨੇ 52 ਅਤੇ ਨਿਹਾਲ ਵਡੇਰਾ ਨੇ 43 ਦੌੜਾਂ ਨਾਬਾਦ ਬਣਾਈਆਂ। 

ਇਸ ਤੋਂ ਪਹਿਲਾਂ ਅੱਜ ਪੰਜਾਬ ਕਿੰਗਜ਼ ਨੇ ਪਾਵਰਪਲੇਅ ’ਚ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕੀਤਾ ਜਿਸ ਨਾਲ ਲਖਨਊ ਸੁਪਰ ਜਾਇੰਟਸ ਨੇ ਸੋਮਵਾਰ ਨੂੰ ਇੱਥੇ ਇਕਾਨਾ ਸਟੇਡੀਅਮ ’ਚ ਆਈ.ਪੀ.ਐਲ. ਮੈਚ ’ਚ 7 ਵਿਕਟਾਂ ’ਤੇ 171 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਦੀ ਅਗਵਾਈ ’ਚ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਪਹਿਲੇ ਛੇ ਓਵਰਾਂ ’ਚ ਹੀ ਚੋਟੀ ਦੇ ਕ੍ਰਮ ਨੂੰ ਢਹਿ-ਢੇਰੀ ਕਰ ਦਿਤਾ। ਫਾਰਮ ’ਚ ਚੱਲ ਰਹੇ ਨਿਕੋਲਸ ਪੂਰਨ (30 ਗੇਂਦਾਂ ’ਚ 44 ਦੌੜਾਂ) ਅਤੇ ਆਯੁਸ਼ ਬਡੋਨੀ (33 ਗੇਂਦਾਂ ’ਚ 41 ਦੌੜਾਂ) ਦਾ ਯੋਗਦਾਨ ਚੁਨੌਤੀਪੂਰਨ ਸਕੋਰ ਬਣਾਉਣ ਲਈ ਕਾਫੀ ਨਹੀਂ ਸੀ। ਪ੍ਰਭਸਿਮਰਤ ਸਿੰਘ ‘ਪਲੇਅਰ ਆਫ਼ ਦ ਮੈਚ’ ਰਹੇ। 

ਪੰਜਾਬ ਦੀ ਗੇਂਦਬਾਜ਼ੀ ਬਿਹਤਰੀਨ ਰਹੀ, ਜਿਸ ’ਚ ਸਪਿਨਰ ਗਲੇਨ ਮੈਕਸਵੈਲ (3 ਓਵਰਾਂ ਵਿਚ 22 ਦੌੜਾਂ ਦੇ ਕੇ ਇਕ ਵਿਕਟ) ਅਤੇ ਯੁਜਵੇਂਦਰ ਚਾਹਲ (4 ਓਵਰਾਂ ਵਿਚ 36 ਦੌੜਾਂ ਦੇ ਕੇ ਇਕ ਵਿਕਟ) ਨੇ ਤੇਜ਼ ਗੇਂਦਬਾਜ਼ਾਂ ਲੋਕੀ ਫਰਗੂਸਨ (3 ਓਵਰਾਂ ਵਿਚ 26 ਦੌੜਾਂ ਦੇ ਕੇ ਇਕ ਵਿਕਟ), ਅਰਸ਼ਦੀਪ (4 ਓਵਰਾਂ ਵਿਚ 43 ਦੌੜਾਂ ਦੇ ਕੇ 3 ਵਿਕਟਾਂ) ਅਤੇ ਮਾਰਕੋ ਜੈਨਸਨ (4 ਓਵਰਾਂ ਵਿਚ 28 ਦੌੜਾਂ ਦੇ ਕੇ ਇਕ ਵਿਕਟ) ਦਾ ਸਾਥ ਦਿਤਾ। 

ਇਸ ਦਾ ਸਿਹਰਾ ਕਪਤਾਨ ਸ਼੍ਰੇਅਸ ਅਈਅਰ ਨੂੰ ਵੀ ਦਿਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦੇ ਫੀਲਡ ਪਲੇਸਮੈਂਟ ਨੇ ਇਹ ਵੀ ਯਕੀਨੀ ਬਣਾਇਆ ਕਿ ਐਲ.ਐਸ.ਜੀ. ਕਦੇ ਵੀ ਸਥਿਤੀ ’ਤੇ ਕਾਬੂ ਨਹੀਂ ਰੱਖ ਸਕੇ। 

ਐਲ.ਐਸ.ਜੀ. ਦੇ ਕਪਤਾਨ ਰਿਸ਼ਭ ਪੰਤ (2) ਲਈ ਇਹ ਲਗਾਤਾਰ ਤੀਜੀ ਅਸਫਲਤਾ ਸੀ। ਅਰਸ਼ਦੀਪ ਨੇ ਪਹਿਲੇ ਹੀ ਓਵਰ ’ਚ ਮਿਸ਼ੇਲ ਮਾਰਸ਼ (0) ਨੂੰ ਆਊਟ ਕਰ ਦਿਤਾ। ਐਡਨ ਮਾਰਕਰਮ (18 ਗੇਂਦਾਂ ’ਤੇ 28 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਪਰ ਫਰਗੂਸਨ ਨੇ ਤੇਜ਼ ਗੇਂਦਬਾਜ਼ੀ ਨਾਲ ਉਨ੍ਹਾਂ ਦਾ ਡਿਫੈਂਸ ਤੋੜ ਦਿਤਾ। ਪੂਰਨ ਨੇ ਚਾਹਲ ਨੂੰ ਦੋ ਛੱਕੇ ਮਾਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਇਸ ਲੈਗ ਸਪਿਨਰ ਨੇ ਛੇਤੀ ਹੀ ਉਸ ਨੂੰ ਆਊਟ ਕਰ ਦਿਤਾ। ਬਡੋਨੀ ਨੇ ਤਿੰਨ ਛੱਕੇ ਅਤੇ ਇਕ ਚੌਕਾ ਮਾਰਿਆ ਪਰ ਉਹ ਕਦੇ ਵੀ ਐਲ.ਐਸ.ਜੀ. ਦੇ ਪੱਖ ਵਿਚ ਗਤੀ ਨਹੀਂ ਬਣਾ ਸਕੇ ਅਤੇ ਅਬਦੁਲ ਸਮਦ (12 ਗੇਂਦਾਂ ਵਿਚ 27 ਦੌੜਾਂ) ਦੀ ਸ਼ਾਨਦਾਰ ਪਾਰੀ ਨੇ ਟੀਮ ਨੂੰ 170 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਦਿਤਾ।