ਭਾਰਤ ਦੀ ਥਾਂ ਯੂ.ਏ.ਈ ’ਚ ਹੋ ਸਕਦਾ ਹੈ ਟੀ-20 ਵਿਸ਼ਵ ਕੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਸੀਸੀਆਈ ਦੇ ਜੀਐਮ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਯੂਏਈ ਨੂੰ ਬੈਕਅਪ ਵਾਲੀ ਥਾਂ ਵਜੋਂ ਰਖਦੇ ਹੋਏ ਤਿਆਰੀਆਂ ਕਰੀਏ ਪਰ ਅੰਤਮ ਫ਼ੈਸਲਾ ਬੀਸੀਸੀਆਈ ਲਏਗਾ। 

BCCI mulls moving T20 World Cup to UAE in 'worst-case scenario'

ਨਵੀਂ ਦਿੱਲੀ  : ਜੇ ਕੋਰੋਨਾ ਮਹਾਂਮਾਰੀ ਭਾਰਤ ਵਿਚ ਕਾਬੂ ਵਿਚ ਨਹੀਂ ਆਉਂਦੀ ਤਾਂ ਇਸ ਸਾਲ ਆਈਸੀਸੀ ਟੀ-20 ਵਿਸ਼ਵ ਕੱਪ 2021 ਯੂਏਈ  ਵਿਚ ਤਬਦੀਲ ਹੋ ਸਕਦਾ ਹੈ। ਬੀਸੀਸੀਆਈ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਇਸ ਸਾਲ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਤਕ ਹੋਣਾ ਹੈ ਪਰ ਜਿਸ ਤਰ੍ਹਾਂ ਦੇਸ਼ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਫੈਲ ਰਹੇ ਹਨ, ਅਜਿਹੀ ਸਥਿਤੀ ਵਿਚ ਵਿਸ਼ਵ ਕੱਪ ਦੀ ਭਾਰਤ ਵਿਚ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਬੀਸੀਸੀਆਈ ਦੇ ਜਨਰਲ ਮੈਨੇਜਰ ਧੀਰਜ ਮਲਹੋਤਰਾ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਭਾਰਤੀ ਕ੍ਰਿਕਟ ਬੋਰਡ ਨੇ ਅਜੇ ਤਕ ਦੇਸ਼ ਵਿਚ ਵਿਸ਼ਵ ਕੱਪ ਦੇ ਆਯੋਜਨ ਦੀ ਉਮੀਦ ਨਹੀਂ ਛੱਡੀ ਹੈ। 

ਉਨ੍ਹਾਂ ਕਿਹਾ ਕਿ ਮੈਨੂੰ ਹੁਣੇ ਇਸ ਟੂਰਨਾਮੈਂਟ ਦੇ ਡਾਇਰੈਕਟਰ ਵਜੋਂ ਚੁਣਿਆ ਗਿਆ ਹੈ। ਇਸ ਲਈ ਮੇਰੀ ਕੋਸ਼ਿਸ਼ ਹੋਵੇਗੀ ਕਿ ਵਿਸ਼ਵ ਕੱਪ ਦੇਸ਼ ਵਿਚ ਹੀ ਆਯੋਜਤ ਕੀਤਾ ਜਾਵੇ ਪਰ ਸਾਨੂੰ ਆਮ ਅਤੇ ਭੈੜੀਆਂ ਸਥਿਤੀਆਂ ਦੋਹਾਂ ਨੂੰ ਧਿਆਨ ਵਿਚ ਰਖਣਾ ਪਵੇਗਾ। ਬੀਸੀਸੀਆਈ ਦੇ ਜੀਐਮ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਯੂਏਈ ਨੂੰ ਬੈਕਅਪ ਵਾਲੀ ਥਾਂ ਵਜੋਂ ਰਖਦੇ ਹੋਏ ਤਿਆਰੀਆਂ ਕਰੀਏ ਪਰ ਅੰਤਮ ਫ਼ੈਸਲਾ ਬੀਸੀਸੀਆਈ ਲਏਗਾ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ  ਕਾਰਨ ਬੀਸੀਸੀਆਈ ਨੇ ਯੂਏਈ ਵਿਚ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ ਕੀਤਾ ਸੀ। ਬੀਸੀਸੀਆਈ ਨੇ ਪਿਛਲੇ ਸਾਲ ਕਿਸੇ ਵੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਨਾਲ ਹੋਸਟਿੰਗ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਅਜਿਹੀ ਸਥਿਤੀ ਵਿਚ ਯੂਏਈ ਵਿਚ ਟੀ-20 ਵਿਸ਼ਵ ਕੱਪ ਦੇ ਆਯੋਜਨ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ। ਹਾਲਾਂਕਿ ਈਸੀਬੀ ਨੇ ਸੰਯੁਕਤ ਅਰਬ ਅਮੀਰਾਤ ਵਿਚ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿਤੀ ਹੈ।