ਪ੍ਰੋ-ਕਬੱਡੀ ਲੀਗ 'ਚ ਮੋਨੂੰ ਗੋਯਾਤ 1.51 ਕਰੋੜ ਨਾਲ ਸੱਭ ਤੋਂ ਮਹਿੰਗਾ ਖਿਡਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪ੍ਰੋ-ਕਬੱਡੀ ਲੀਗ ਦੀ ਬੋਲੀ ਦੇ ਪਹਿਲੇ ਦਿਨ ਛੇ ਖਿਡਾਰੀਆਂ ਨੇ ਇਕ ਕਰੋੜ ਰੁਪਏ ਨੂੰ ਪਾਰ ਕਰ ਕੇ ਇਤਿਹਾਸ ਰਚ ਦਿਤਾ। ਮੋਨੂੰ ਗੋਯਾਤ 'ਤੇ ਹਰਿਆਣਾ ਸਟੀਲਰਜ਼ ਨੇ ਸੱਭ...

Pro Kabaddi League

ਨਵੀਂ ਦਿੱਲੀ, ਪ੍ਰੋ-ਕਬੱਡੀ ਲੀਗ ਦੀ ਬੋਲੀ ਦੇ ਪਹਿਲੇ ਦਿਨ ਛੇ ਖਿਡਾਰੀਆਂ ਨੇ ਇਕ ਕਰੋੜ ਰੁਪਏ ਨੂੰ ਪਾਰ ਕਰ ਕੇ ਇਤਿਹਾਸ ਰਚ ਦਿਤਾ। ਮੋਨੂੰ ਗੋਯਾਤ 'ਤੇ ਹਰਿਆਣਾ ਸਟੀਲਰਜ਼ ਨੇ ਸੱਭ ਤੋਂ ਜ਼ਿਆਦਾ 1.51 ਕਰੋੜ ਰੁਪਏ ਦੀ ਬੋਲੀ ਲਗਾਈ।ਈਰਾਨ ਦੇ ਫ਼ਜ਼ਲ ਅੱਤਰਾਚਲੀ ਪ੍ਰੋ-ਕਬੱਡੀ ਲੀਗ ਦੀ ਬੋਲੀ 'ਚ ਇਕ ਕਰੋੜ ਰੁਪਏ ਦੀ ਰਕਮ ਪਾਉਣ ਵਾਲਾ ਪਹਿਲਾ ਖਿਡਾਰੀ ਬਣਿਆ, ਜਿਸ ਨੂੰ 'ਯੁ ਮੁੰਬਾ' ਨੇ ਅਪਣੀ ਟੀਮ ਨਾਲ ਜੋੜਿਆ। ਇਸ ਡਿਫੈਂਡਰ ਦਾ ਮੁੱਢਲਾ ਮੁਲ 20 ਲੱਖ ਰੁਪਏ ਸੀ ਪਰ ਯੂ ਮੁੰਬਾ ਨੇ ਇਸ ਖਿਡਾਰੀ ਨੂੰ ਖ਼ਰੀਦਣ ਦੀ ਜੁਗਤ 'ਚ ਇਕ ਕਰੋੜ ਰੁਪਏ ਖ਼ਰਚ ਦਿਤੇ ਹਨ।

ਉਥੇ ਹੀ ਦੀਪਕ ਹੁੱਡਾ ਪ੍ਰੋ-ਕਬੱਡੀ ਦੇ ਇਤਿਹਾਸ 'ਚ ਕਰੋੜਪਤੀ ਗਰੁਪ 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਜੈਪੁਰ ਪਿੰਕ ਪੈਂਥਰਜ਼ ਨੇ ਉਸ ਨੂੰ 1.15 ਕਰੋੜ ਰੁਪਏ 'ਚ ਖਰੀਦਿਆ। ਰਾਹੁਲ ਚੌਧਰੀ 'ਤੇ ਦੂਜੀ ਸੱਭ ਤੋਂ ਵੱਡੀ ਬੋਲੀ ਦਿੱਲੀ ਨੇ ਲਗਾਈ ਪਰ ਤੇਲਗੁ ਟਾਈਟਨਜ਼ ਨੇ 'ਫ਼ਾਈਨਲ ਬਿਡ ਮੈਚ' ਰਾਹੀਂ ਉਸ ਨੂੰ 1.29 ਕਰੋੜ ਰੁਪਏ 'ਚ ਖ਼ਰੀਦ ਲਿਆ। ਜਾਂਗ ਕੁਨ ਲੀ ਨੂੰ ਬੰਗਾਲ ਵਾਰੀਅਰਜ਼ ਨੇ 33 ਲੱਖ ਰੁਪਏ 'ਚ ਖਰੀਦਿਆ।

ਈਰਾਨ ਦੇ ਫ਼ਜ਼ਲ ਅਤਰਾਚਲੀ 'ਤੇ ਮੋਟਾ ਪੈਸਾ ਖ਼ਰਚ ਕਰਨ ਤੋਂ ਬਾਅਦ 'ਯੂ ਮੁੰਬਾ' ਦੇ ਮਾਲਕ ਰੋਨੀ ਸਕਰੂਵਾਲਾ ਨੇ ਕਿਹਾ ਕਿ ਅਸੀਂ ਅਪਣੀ ਰੱਖਿਆ ਕਤਾਰ ਮਜਬੂਤ ਕਰਨਾ ਚਾਹੁੰਦੇ ਹਾਂ। ਸਾਡੀ ਟੀਮ ਦੀ ਰੱਖਿਆ ਕਤਾਰ ਪਹਿਲੇ ਤੇ ਦੂਜੇ ਸੈਸ਼ਨ 'ਚ ਕਾਫ਼ੀ ਮਜਬੂਤ ਸੀ, ਇਸ ਲਈ ਅਸੀਂ ਅਤਰਾਚਲੀ ਲਈ ਬੋਲੀ ਲਗਾਈ। ਉਹ ਸਾਡੇ ਨਾਲ ਪਹਿਲਾਂ ਵੀ ਖੇਡ ਚੁਕਾ ਹੈ ਅਤੇ ਅਸੀਂ ਉਸ ਨੂੰ ਮੁੜ ਟੀਮ 'ਚ ਸ਼ਾਮਲ ਕਰ ਕੇ ਖ਼ੁਸ਼ ਹਾਂ।

ਅਤਰਾਚਲੀ ਨੇ ਕਿਹਾ ਕਿ ਉਹ ਅਪਣੇ ਦੂਜੇ ਘਰ 'ਯੂ ਮੁੰਬਾ' ਪਰਤ ਕੇ ਕਾਫ਼ੀ ਖ਼ੁਸ਼ ਹੈ। ਉਸ ਨੇ ਕਿਹਾ ਕਿ 'ਯੂ ਮੁੰਬਾ' ਲਈ ਮੇਰੇ ਮਨ 'ਚ ਕਾਫ਼ੀ ਸਨਮਾਨ ਹੈ, ਕਿਉਂ ਕਿ ਪੀ.ਕੇ.ਐਲ. 'ਚ ਮੇਰਾ ਸਫ਼ਰ ਉਥੋਂ ਹੀ ਸ਼ੁਰੂ ਹੋਇਆ ਹੈ। ਮੈਂ ਪ੍ਰੋ-ਕਬੱਡੀ 'ਚ ਸੱਭ ਤੋਂ ਜ਼ਿਆਦਾ ਬੋਲੀ ਦਾ ਰੀਕਾਰਡ ਬਣਾਇਆ ਹੈ, ਜੋ ਅਸਲੀਅਤ ਵਿਚ ਹੀ ਇਕ ਵਿਸ਼ਵਾਸ ਤੋਂ ਪਰੇ ਹੈ।   (ਏਜੰਸੀ)