ਜੇਦਾਹ: ਕਿੰਗਜ਼ ਕੱਪ ਦੇ ਫਾਈਨਲ ’ਚ ਅਪਣੀ ਟੀਮ ਅਲ ਨਾਸਰ ਦੇ ਅਲ-ਹਿਲਾਲ ਤੋਂ ਹਾਰਨ ਤੋਂ ਬਾਅਦ ਮਸ਼ਹੂਰ ਫ਼ੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ।
ਅਪਣੀ ਟੀਮ ਦੀ ਹਾਰ ਤੋਂ ਬਾਅਦ ਜਦੋਂ ਰੋਨਾਲਡੋ ਸਟੇਡੀਅਮ ਤੋਂ ਬਾਹਰ ਆਏ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਸਨ। ਇਹ ਲਗਾਤਾਰ ਦੂਜਾ ਸੀਜ਼ਨ ਹੈ ਜਦੋਂ ਅਲ ਨਾਸਰ ਦੀ ਟੀਮ ਰੋਨਾਲਡੋ ਦੀ ਮੌਜੂਦਗੀ ਦੇ ਬਾਵਜੂਦ ਸਾਊਦੀ ਅਰਬ ਵਿਚ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ ਹੈ।
ਅਲ ਹਿਲਾਲ ਨੇ ਇਹ ਮੈਚ ਪੈਨਲਟੀ ਸ਼ੂਟਆਊਟ ’ਚ 5-4 ਨਾਲ ਜਿੱਤਿਆ। ਵਾਧੂ ਸਮੇਂ ਤੋਂ ਬਾਅਦ ਵੀ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ।
ਰੋਨਾਲਡੋ ਟੀਮ ਦੀ ਹਾਰ ਤੋਂ ਬਾਅਦ ਨਿਰਾਸ਼ ਹੋ ਕੇ ਮੈਦਾਨ ’ਤੇ ਲੇਟ ਗਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਦਿਲਾਸਾ ਦਿਤਾ। ਰੋਨਾਲਡੋ ਦਸੰਬਰ 2022 ’ਚ ਅਲ ਨਾਸਰ ਨਾਲ ਜੁੜੇ ਸਨ।
ਅਲ ਨਾਸਰ ਦੀ ਹਾਰ ਸਾਊਦੀ ਪ੍ਰੋ ਲੀਗ ਸੀਜ਼ਨ ਦੀ ਸਮਾਪਤੀ ਤੋਂ ਚਾਰ ਦਿਨ ਬਾਅਦ ਹੋਈ। ਅਲ ਨਾਸਰ ਪ੍ਰੋ ਲੀਗ ’ਚ ਅਲ ਹਿਲਾਲ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਅਲ ਹਿਲਾਲ ਨੇ ਅਪਣੇ ਕੱਟੜ ਵਿਰੋਧੀ ਨੂੰ 14 ਅੰਕਾਂ ਦੇ ਵੱਡੇ ਫਰਕ ਨਾਲ ਪਿੱਛੇ ਛੱਡ ਦਿਤਾ ਸੀ। ਰੋਨਾਲਡੋ ਲਈ ਇਹ ਰਾਹਤ ਦੀ ਗੱਲ ਰਹੀ ਕਿ ਉਸ ਨੇ ਪ੍ਰੋ ਲੀਗ ਦੇ ਇਸ ਸੀਜ਼ਨ ’ਚ ਰੀਕਾਰਡ 35 ਗੋਲ ਕੀਤੇ।