ਮਲੇਸ਼ੀਆ ਓਪਨ ਦੇ ਸੈਮੀਫ਼ਾਈਨਲ 'ਚ ਹਾਰੇ ਸਿੰਧੂ ਅਤੇ ਸ਼੍ਰੀਕਾਂਤ
ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਅੱਜ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਸੈਮੀਫ਼ਾਈਨਲ ਵਿਚ ਸਖ਼ਤ ਮੁਕਾਬਲੇ...
ਕੁਆਲਾਲੰਪੁਰ, ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਅੱਜ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਸੈਮੀਫ਼ਾਈਨਲ ਵਿਚ ਸਖ਼ਤ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ 700000 ਡਾਲਰ ਇਨਾਮੀ ਮਲੇਸ਼ੀਆ ਓਪਨ ਸੁਪਰ ਵਿਸ਼ਵ ਟੂਰ ਟੂਰਨਾਮੈਂਟ ਵਿਚ ਭਾਰਤੀ ਚੁਨੌਤੀ ਖ਼ਤਮ ਹੋ ਗਈ।
ਪਹਿਲਾਂ ਸ਼੍ਰੀਕਾਂਤ ਦੁਨੀਆ ਦੇ ਸਾਬਕਾ ਨੰਬਰ ਦੋ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੀ ਚੁਨੌਤੀ 'ਤੇ ਪਾਰ ਪਾਉਣ ਵਿਚ ਅਸਫ਼ਲ ਰਹੇ ਜੋ ਗ਼ੈਰ ਕਾਨੂੰਨੀ ਸੱਟੇਬਾਜ਼ੀ ਦੇ ਕਾਰਨ ਇਕ ਸਾਲ ਦੀ ਪਾਬੰਦੀ ਦੇ ਬਾਅਦ ਵਾਪਸੀ ਕਰ ਰਹੇ ਹਨ। ਸਿੰਧੂ ਨੂੰ ਵੀ ਇਸ ਤੋਂ ਬਾਅਦ ਸਾਬਕਾ ਚੈਂਪੀਅਨ ਅਤੇ ਦੁਨੀਆਂ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਖਿਡਾਰਨ ਤਾਈ ਜੂ ਦੀ ਬਿਹਤਰ ਤਕਨੀਕੀ ਖੇਡ ਅਤੇ ਸਰੀਰਕ ਦਮਖਮ ਦੀ ਬਰਾਬਰੀ ਨਹੀਂ ਕਰ ਸਕੀ। ਅਪ੍ਰੈਲ ਵਿਚ ਥੋੜ੍ਹੇ ਸਮੇਂ ਲਈ ਦੁਨੀਆਂ ਦੇ ਨੰਬਰ ਇਕ ਖਿਡਾਰੀ ਬਣੇ ਸ਼੍ਰੀਕਾਂਤ ਨੂੰ ਦੁਨੀਆਂ ਦੇ 11ਵੇਂ ਨੰਬਰ ਦੇ ਮੋਮੋਤਾ ਵਿਰੁਧ 13-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਵੀ ਇਸ ਤੋਂ ਬਾਅਦ 55 ਮਿੰਟ ਤਕ ਚਲੇ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਖਿਡਾਰਨ ਵਿਰੁਧ 15-21, 21-19, 11-21 ਨਾਲ ਹਾਰ ਗਈ।
ਸ਼੍ਰੀਕਾਂਤ ਦੀ 9 ਮੈਚਾਂ ਵਿਚ ਮੋਮੋਤਾ ਵਿਰੁਧ ਇਹ ਛੇਵੀਂ ਹਾਰ ਹੈ ਜਦਕਿ ਸਿੰਧੂ ਨੂੰ ਤਾਏ ਜੂ ਵਿਰੁਧ 9 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਇਹ ਉਨ੍ਹਾਂ ਦੀ ਲਗਾਤਾਰ ਪੰਜਵੀਂ ਹਾਰ ਹੈ। (ਪੀ.ਟੀ.ਆਈ)