'ਗੋਲਡਨ ਬੁਆਏ' ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਇਆ ਇਕ ਹੋਰ ਸੋਨ ਤਮਗ਼ਾ
ਲੌਸੇਨ ਡਾਇਮੰਡ ਲੀਗ 'ਚ 87.66 ਮੀਟਰ ਦੂਰ ਜੈਵਲਿਨ ਸੁੱਟ ਕੇ ਜਿੱਤਿਆ ਸੋਨ ਤਮਗ਼ਾ
ਨਵੀਂ ਦਿੱਲੀ: ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ। ਨੀਰਜ ਨੇ ਲੌਸੇਨ ਡਾਇਮੰਡ ਲੀਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ 87.66 ਮੀਟਰ ਦੂਰ ਜੈਵਲਿਨ ਸੁੱਟ ਕੇ ਪਹਿਲੇ ਸਥਾਨ 'ਤੇ ਰਹੇ। ਇਸ ਸੀਜ਼ਨ 'ਚ ਇਹ ਉਸ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਦੋਹਾ ਡਾਇਮੰਡ ਲੀਗ ਵਿਚ ਵੀ ਉਸ ਨੇ 88.67 ਮੀਟਰ ਥਰੋਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਚੋਪੜਾ ਲਈ ਇਹ ਸ਼ਾਨਦਾਰ ਵਾਪਸੀ ਸੀ। ਉਸਨੇ 5 ਮਈ ਨੂੰ ਦੋਹਾ ਡਾਇਮੰਡ ਲੀਗ, ਸੱਟ ਕਾਰਨ ਇਸ ਮਹੀਨੇ ਦੇ ਸ਼ੁਰੂ ਵਿਚ ਐਫਬੀਕੇ ਖੇਡਾਂ ਅਤੇ ਪਾਵੋ ਨੂਰਮੀ ਖੇਡਾਂ ਤੋਂ ਹਟਣ ਤੋਂ ਬਾਅਦ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਸੀ। ਨੀਰਜ ਚੋਪੜਾ ਨੇ ਇਸ ਲੀਗ ਦੇ ਪੰਜਵੇਂ ਦੌਰ ਵਿਚ 87.66 ਮੀਟਰ ਦੀ ਥਰੋਅ ਨਾਲ ਇਹ ਖ਼ਿਤਾਬ ਜਿੱਤਿਆ। ਹਾਲਾਂਕਿ, ਉਸਨੇ ਇਸ ਦੌਰ ਵਿਚ ਇਕ ਫਾਊਲ ਨਾਲ ਸ਼ੁਰੂਆਤ ਕੀਤੀ ਅਤੇ ਫਿਰ 83.52 ਮੀਟਰ ਥਰੋਅ ਕੀਤਾ, ਇਸ ਤੋਂ ਬਾਅਦ 85.04 ਮੀਟਰ ਜੈਵਲਿਨ ਸੁੱਟਿਆ। ਇਸ ਤੋਂ ਬਾਅਦ ਚੌਥੇ ਦੌਰ 'ਚ ਇਕ ਹੋਰ ਫਾਊਲ ਹੋਇਆ ਪਰ ਅਗਲੇ ਹੀ ਦੌਰ 'ਚ ਉਸ ਨੇ 87.66 ਮੀਟਰ ਥ੍ਰੋਅ ਕੀਤਾ।
ਨੀਰਜ ਦਾ ਆਖਰੀ ਥਰੋਅ 84.15 ਮੀਟਰ ਸੀ ਪਰ ਕੋਈ ਵੀ ਖਿਡਾਰੀ ਨੀਰਜ ਦੇ ਪੰਜਵੇਂ ਦੌਰ ਦੀ ਬਰਾਬਰੀ ਨਹੀਂ ਕਰ ਸਕਿਆ ਅਤੇ ਉਸ ਨੇ ਡਾਇਮੰਡ ਲੀਗ ਜਿੱਤੀ। ਨੀਰਜ ਚੋਪੜਾ ਨੇ ਆਪਣੇ 2023 ਸੀਜ਼ਨ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ। ਉਸ ਨੇ ਦੋਹਾ ਵਿੱਚ ਹੋਈ ਡਾਇਮੰਡ ਲੀਗ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ਵਿਚ ਨੀਰਜ ਨੇ ਰਿਕਾਰਡ 88.67 ਮੀਟਰ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਨੀਰਜ ਨੇ ਟੋਕੀਓ ਓਲੰਪਿਕ 'ਚ ਭਾਰਤ ਨੂੰ ਸੋਨ ਤਮਗਾ ਦਿਵਾ ਕੇ ਇਤਿਹਾਸ ਰਚਿਆ ਸੀ। ਉਹ ਜੈਵਲਿਨ ਥਰੋਅ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਇਸ ਪ੍ਰਾਪਤੀ ਤੋਂ ਬਾਅਦ ਨੀਰਜ ਦਾ ਸ਼ਾਨਦਾਰ ਸਫਰ ਜਾਰੀ ਹੈ। ਇਸ ਸਾਲ ਉਸ ਨੇ ਡਾਇਮੰਡ ਲੀਗ ਜਿੱਤ ਕੇ ਇਤਿਹਾਸ ਰਚਿਆ ਅਤੇ ਹੁਣ ਵਿਸ਼ਵ ਨੰਬਰ 1 ਜੈਵਲਿਨ ਥ੍ਰੋਅਰ ਬਣ ਗਿਆ ਹੈ।