ਵੈਸਟ ਇੰਡੀਜ਼ ਕ੍ਰਿਕੇਟ ਵਰਲਡ ਕੱਪ 2023 ’ਚ ਥਾਂ ਬਣਾਉਣ ਤੋਂ ਖੁੰਝਿਆ
ਦੋ ਵਾਰ ਦਾ ਵਿਸ਼ਵ ਜੇਤੂ ਸਕਾਟਲੈਂਡ ਹੱਥੋਂ ਨਮੋਸ਼ੀ ਭਰੀ ਹਾਰ ਮਗਰੋਂ ਪਹਿਲੀ ਵਾਰੀ ਵਿਸ਼ਵ ਕੱਪ ’ਚ ਨਹੀਂ ਖੇਡ ਸਕੇਗਾ
ਜ਼ਿੰਬਾਬਵੇ: ਦੋ ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਵੈਸਟ ਇੰਡੀਜ਼ ਇਸ ਸਾਲ ਭਾਰਤ ’ਚ ਹੋਣ ਜਾ ਰਹੇ ਕ੍ਰਿਕੇਟ ਵਿਸ਼ਵ ਕੱਪ ’ਚ ਹਿੱਸਾ ਨਹੀਂ ਲੈ ਸਕੇਗੀ। ਜ਼ਿੰਬਾਬਵੇ ’ਚ ਖੇਡੇ ਜਾ ਰਹੇ ਛੇ ਟੀਮਾਂ ਦੇ ਕੁਆਲੀਫ਼ਾਇੰਗ ਮੁਕਾਬਲਿਆਂ ’ਚ ਸਕਾਟਲੈਂਡ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਕ੍ਰਿਕੇਟ ਜਗਤ ’ਚ ਸਨਸਨੀ ਫੈਲਾ ਦਿਤੀ ਹੈ।
ਅੱਜ ਇਕ ਹੋਏ ਇਕ ਮੈਚ ’ਚ ਵੈਸਟ ਇੰਡੀਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 43.5 ਓਵਰਾਂ ’ਚ 181 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ’ਚ ਸਕਾਟਲੈਂਡ ਨੇ ਸਿਰਫ਼ ਤਿੰਨ ਵਿਕਟਾਂ ਗੁਆ ਕੇ 43.3 ਓਵਰਾਂ ’ਚ ਟੀਚਾ ਪ੍ਰਾਪਤ ਕਰ ਲਿਆ।
ਵੈਸਟ ਇੰਡੀਜ਼ ਵਲੋਂ ਸੱਤਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਜੇਸਨ ਹੋਲਡਰ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਰੋਮਾਰੀਓ ਸ਼ੇਪਰਡ ਦੂਜੇ ਸਭ ਤੋਂ ਸਫ਼ਲ ਬੱਲੇਬਾਜ਼ ਰਹੇ ਜਿਨ੍ਹਾਂ ਨੇ 36 ਦੌੜਾਂ ਬਣਾਈਆਂ। ਗੇਂਦਬਾਜ਼ੀ ਕਰਦਿਆਂ ਸਕਾਟਲੈਂਡ ਦੇ ਬਰੈਂਡਨ ਮੈਕਮੂਲਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦਕਿ ਕਰਿਸ ਸੋਲੇ, ਮਾਰਕ ਵਾਟ ਅਤੇ ਕਰਿਸ ਗਰੀਵਸ ਨੇ ਦੋ-ਦੋ ਵਿਕਟਾਂ ਲਈਆਂ। ਸਫ਼ਿਆਨ ਸ਼ਰੀਫ਼ ਨੇ ਇਕ ਵਿਕਟ ਪ੍ਰਾਪਤ ਕੀਤੀ।
ਸਕਾਟਲੈਂਡ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਜਦੋਂ ਉਸ ਦੇ ਓਪਨਰ ਬੱਲੇਬਾਜ਼ ਕਰਿਸਟੋਫ਼ਰ ਮੈਕਬਰਾਈਡ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ। ਪਰ ਮੈਥਿਊ ਕਰੋਸ ਦੀਆਂ ਨਾਬਾਦ 74 ਦੌੜਾਂ ਅਤੇ ਬਰੈਂਡੋਨ ਮੈਕਮੂਲਨ ਦੀਆਂ 69 ਦੌੜਾਂ ਨੇ ਸਕਾਟਲੈਂਡ ਦੀ ਜਿੱਤ ਯਕੀਨੀ ਕਰ ਦਿਤੀ।
1975 ’ਚ ਕ੍ਰਿਕੇਟ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਤੋਂ ਬਾਅਦ ਪਹਿਲੀ ਵਾਰੀ ਹੋਵੇਗਾ ਕਿ ਵੈਸਟ ਇੰਡੀਜ਼ ਦੀ ਟੀਮ ਕ੍ਰਿਕੇਟ ਦੇ ਇਸ ਮਹਾਕੁੰਭ ’ਚ ਸ਼ਿਰਕਤ ਨਹੀਂ ਕਰ ਸਕੇਗੀ।