ਵਿਸ਼ਵ ਚੈਂਪੀਅਨ ਨੀਰਜ ਚੋਪੜਾ ਜਿਉਰਿਖ ਡਾਇਮੰਡ ਲੀਗ ’ਚ ਦੂਜੇ ਸਥਾਨ ’ਤੇ ਰਹੇ

ਏਜੰਸੀ

ਖ਼ਬਰਾਂ, ਖੇਡਾਂ

ਚੇਕ ਗਣਰਾਜ ਦੇ ਯਾਕੂਬ ਵਾਲੇਸ਼ (85.86 ਮੀਟਰ) ਪਹਿਲੇ ਸਥਾਨ ’ਤੇ ਰਹੇ

Neeraj Chpora

ਜਿਊਰਿਖ: ਵਿਸ਼ਵ ਚੈਂਪੀਅਨ ਨੀਰਜ ਚੋਪੜਾ ਡਾਇਮੰਡ ਲੀਗ ਦੇ ਨੇਜਾ ਸੁੱਟ ਮੁਕਾਬਲੇ ’ਚ ਸਿਖਰਲਾ ਸਥਾਨ ਹਾਸਲ ਨਹੀਂ ਕਰ ਸਕੇ ਪਰ ਆਖ਼ਰੀ ਦੌਰ ’ਤੇ 85.71 ਮੀਟਰ ਦੂਰ ਨੇਜਾ ਸੁੱਟ ਕੇ ਦੂਜੇ ਸਥਾਨ ’ਤੇ ਰਹੇ। 

ਓਲੰਪਿਕ ਚੈਂਪਅਨ 25 ਸਾਲਾਂ ਦੇ ਚੋਪੜਾ ਨੇ 80.79 ਮੀਟਰ, 85.22 ਮੀਟਰ ਅਤੇ 85.71 ਮੀਟਰ ਦੇ ਤਿੰਨ ਥ੍ਰੋ ਸੁੱਟ ਜਦਕਿ ਬਾਕੀ ਤਿੰਨ ਥ੍ਰੋ ਫ਼ਾਊਲ ਰਹੇ। ਉਹ ਚੇਕ ਗਣਰਾਜ ਦੇ ਯਾਕੂਬ ਵਾਲੇਸ਼ (85.86 ਮੀਟਰ) ਤੋਂ ਬਾਅਦ ਦੂਜੇ ਸਥਾਨ ’ਤੇ ਰਹੇ। ਵਿਸ਼ਵ ਚੈਂਪਅਨਸ਼ਿਪ ’ਚ ਯਾਕੂਬ ਨੇ ਤਾਂਬੇ ਦਾ ਤਮਗਾ ਜਿੱਤਿਆ ਸੀ।     

ਚੋਪੜਾ ਨੇ ਵੀਰਵਾਰ ਨੂੰ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਸਨ ਪਰ ਬੁਡਾਪੈਸਟ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਥਕੇ ਹੋਏ ਸਨ। 

ਉਨ੍ਹਾਂ ਕਿਹਾ, ‘‘ਮੇਰਾ ਧਿਆਨ ਸਿਹਤਮੰਦ ਬਣੇ ਰਹਿਣ ’ਤੇ ਹੈ ਅਤੇ ਆਉਣ ਵਾਲੇ ਮੁਕਾਬਲਿਆਂ ’ਚ ਅਪਣਾ ਸੌ ਫ਼ੀ ਸਦੀ ਵੀ ਦੇਣਾ ਹੈ। ਕਈ ਵਾਰੀ ਸਰੀਰ ਦੀ ਸੁਣਨੀ ਹੁੰਦੀ ਹੈ। ਇਸ ਲਈ ਮੈਂ ਜ਼ਿਆਦਾ ਜ਼ੋਰ ਨਹੀਂ ਦਿਤਾ।’’