Asian Games: ਯਾਦਗਾਰ ਰਿਹਾ 8ਵਾਂ ਦਿਨ, ਭਾਰਤ ਦੇ ਹਿੱਸੇ 13 ਸੋਨ, 21 ਚਾਂਦੀ ਅਤੇ 13 ਕਾਂਸੀ ਦੇ ਤਮਗ਼ੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਜਿੰਦਰਪਾਲ ਸਿੰਘ ਨੇ ਵੀ ਸੋਨ ਤਮਗਾ ਜਿੱਤਿਆ

Asian Games: The 8th day was memorable

ਨਵੀਂ ਦਿੱਲੀ - ਏਸ਼ੀਆਈ ਖੇਡਾਂ 2023 ਦਾ ਅੱਠਵਾਂ ਦਿਨ ਭਾਰਤ ਲਈ ਬਹੁਤ ਯਾਦਗਾਰ ਰਿਹਾ। ਦਿਨ ਦੀ ਸ਼ੁਰੂਆਤ ਟਰੈਪ ਸ਼ੂਟਿੰਗ ਵਿਚ ਸੋਨ ਤਗਮੇ ਨਾਲ ਹੋਈ। ਇਸ ਤੋਂ ਬਾਅਦ ਦੇਸ਼ ਦੀਆਂ ਧੀਆਂ ਨੇ ਵੀ ਇਸੇ ਖੇਡ ਵਿਚ ਚਾਂਦੀ ਦਾ ਤਗਮਾ ਜਿੱਤਿਆ। ਅਥਲੈਟਿਕਸ ਵਿਚ ਬਹੁਤ ਸਾਰੇ ਮੈਡਲ ਸਨ। ਅਵਿਨਾਸ਼ ਸਾਬਲੇ ਨੇ ਸਟੀਪਲਚੇਜ਼ ਵਿਚ ਭਾਰਤ ਨੂੰ ਆਪਣਾ ਪਹਿਲਾ ਸੋਨ ਤਮਗਾ ਦਿਵਾ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਤਜਿੰਦਰਪਾਲ ਸਿੰਘ ਨੇ ਵੀ ਸੋਨ ਤਮਗਾ ਜਿੱਤਿਆ। ਭਾਰਤ ਨੇ 13 ਸੋਨ, 21 ਚਾਂਦੀ ਅਤੇ 13 ਕਾਂਸੀ ਸਮੇਤ ਕੁੱਲ 53 ਤਗਮੇ ਜਿੱਤੇ ਹਨ। 

- ਬੈਡਮਿੰਟਨ ਵਿਚ ਚਾਂਦੀ
ਭਾਰਤੀ ਬੈਡਮਿੰਟਨ ਟੀਮ ਨੂੰ ਫਾਈਨਲ ਮੈਚ ਵਿਚ ਚੀਨ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਇਸ ਵਾਰ ਸੋਨ ਤਮਗਾ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਹਾਲਾਂਕਿ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 

- ਜੋਤੀ ਨੂੰ ਚਾਂਦੀ ਦਾ ਤਮਗ਼ਾ ਮਿਲਿਆ
ਜੋਤੀ ਯਾਰਾਜੀ ਦਾ ਕਾਂਸੀ ਦਾ ਤਮਗ਼ਾ ਹੁਣ ਚਾਂਦੀ ਦੇ ਤਗਮੇ ਵਿਚ ਬਦਲ ਗਿਆ ਹੈ। ਦੌੜ ਦੌਰਾਨ ਪੈਦਾ ਹੋਏ ਕੁਝ ਵਿਵਾਦ ਕਾਰਨ ਚੀਨੀ ਖਿਡਾਰਨ ਨੂੰ ਬਾਹਰ ਕਰਦੇ ਹੋਏ ਜੋਤੀ ਨੂੰ ਚਾਂਦੀ ਦਾ ਤਮਗਾ ਦਿੱਤਾ ਗਿਆ। ਜੋਤੀ ਯਾਰਾਜੀ ਨੇ 100 ਮੀਟਰ ਅੜਿੱਕਾ ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਜੋਤੀ ਨੇ 12.91 ਦੇ ਸਮੇਂ ਵਿਚ ਦੌੜ ਪੂਰੀ ਕੀਤੀ। 

- ਡਿਸਕਸ ਥਰੋਅ ਵਿਚ ਵੀ ਕਾਂਸੀ ਦਾ ਤਮਗ਼ਾ
ਸੀਮਾ ਪੂਨੀਆ ਨੇ ਮਹਿਲਾਵਾਂ ਦੇ ਡਿਸਕਸ ਥਰੋਅ ਮੁਕਾਬਲੇ ਦੇ ਫਾਈਨਲ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸੀਮਾ ਨੇ 58.62 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ

- ਨੰਦਿਨੀ ਨੂੰ ਕਾਂਸੀ ਦਾ ਤਗਮਾ ਮਿਲਿਆ
ਨੰਦਿਨੀ ਅਗਾਸਰਾ ਨੇ ਹੈਪਟਾਥਲਨ ਵਿਚ ਦੇਸ਼ ਨੂੰ ਕਾਂਸੀ ਦਾ ਤਮਗ਼ਾ ਦਿਵਾਇਆ। ਟ੍ਰੈਕ ਐਂਡ ਫੀਲਡ ਵਿਚ ਭਾਰਤ ਲਈ ਹੁਣ ਤੱਕ ਦਾ ਇਹ ਬਹੁਤ ਯਾਦਗਾਰ ਦਿਨ ਰਿਹਾ ਹੈ।  

- ਮੁਰਲੀ ਸ਼੍ਰੀਸ਼ੰਕਰ ਦੇ ਨਾਂਅ ਚਾਂਦੀ ਦਾ ਤਮਗ਼ਾ 
ਮੁਰਲੀ ਸ਼੍ਰੀਸ਼ੰਕਰ ਨੇ ਪੁਰਸ਼ਾਂ ਦੀ ਲੰਬੀ ਛਾਲ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਸ਼੍ਰੀਸ਼ੰਕਰ ਨੇ 8.19 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਭਾਰਤ ਅਥਲੈਟਿਕਸ ਵਿਚ ਲਗਾਤਾਰ ਤਮਗ਼ੇ ਜਿੱਤ ਰਿਹਾ ਹੈ। 

- ਐਥਲੈਟਿਕਸ ਵਿਚ ਤਗਮਿਆਂ ਦੀ ਵਰਖਾ ਹੋਈ
ਅਥਲੈਟਿਕਸ ਵਿਚ ਭਾਰਤ ਲਈ ਮੈਡਲਾਂ ਦੀ ਬਾਰਿਸ਼ ਹੋ ਰਹੀ ਹੈ। ਅਜੇ ਕੁਮਾਰ ਸਰੋਜ ਨੇ 1500 ਮੀਟਰ ਦੌੜ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਜਦੋਂ ਕਿ ਜਿਨਸਨ ਜਾਨਸਨ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

- ਹਰਮਿਲਨ ਨੇ ਚਾਂਦੀ ਦਾ ਤਗਮਾ ਜਿੱਤਿਆ
 ਹਰਮਿਲਨ ਬੈਂਸ ਨੇ 1500 ਮੀਟਰ ਦੌੜ ਵਿਚ ਦੇਸ਼ ਦੀ ਝੋਲੀ ਵਿਚ ਇੱਕ ਹੋਰ ਚਾਂਦੀ ਦਾ ਤਮਗਾ ਜੋੜਿਆ ਹੈ। ਅਥਲੈਟਿਕਸ ਵਿਚ ਅੱਜ ਭਾਰਤ ਦਾ ਇਹ ਤੀਜਾ ਤਮਗਾ ਹੈ। 

- ਤੇਜਿੰਦਰਪਾਲ ਸਿੰਘ ਨੇ ਸੋਨ ਤਗਮਾ ਜਿੱਤਿਆ
ਡਿਫੈਂਡਿੰਗ ਚੈਂਪੀਅਨ ਤੇਜਿੰਦਰਪਾਲ ਸਿੰਘ ਨੇ ਸ਼ਾਟ ਪੁਟ ਥ੍ਰੋਅ ਵਿਚ ਦੇਸ਼ ਲਈ ਇੱਕ ਹੋਰ ਸੋਨ ਤਮਗਾ ਜਿੱਤਿਆ ਹੈ। ਆਪਣੇ ਛੇਵੇਂ ਥਰੋਅ ਵਿਚ ਤੇਜਿੰਦਰਪਾਲ ਨੇ 20.36 ਮੀਟਰ ਦੀ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ।  

- ਨਿਖਤ ਜ਼ਰੀਨ ਸੈਮੀਫਾਈਨਲ ਮੈਚ ਵਿਚ ਹਾਰ ਗਈ ਹੈ। ਇਸ ਨਾਲ ਉਸ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਹੋਇਆ। ਥਾਈਲੈਂਡ ਦੇ ਮੁੱਕੇਬਾਜ਼ ਚੁਥਾਮਤ ਨੇ ਨਿਖਤ 'ਤੇ ਹਾਵੀ ਦਿਖਾਈ ਅਤੇ ਸੈਮੀਫਾਈਨਲ ਮੈਚ 3-2 ਨਾਲ ਜਿੱਤ ਲਿਆ।

- ਲਕਸ਼ਯ ਸੇਨ ਨੇ ਸ਼ੀ ਯੂਕੀ ਦੇ ਖਿਲਾਫ਼ ਪਹਿਲਾ ਮੈਚ ਜਿੱਤ ਲਿਆ ਹੈ। ਹੁਣ ਭਾਰਤੀ ਟੀਮ ਬੈਡਮਿੰਟਨ ਦੇ ਫਾਈਨਲ ਮੈਚ ਵਿਚ ਚੀਨ ਖ਼ਿਲਾਫ਼ 1-0 ਨਾਲ ਅੱਗੇ ਹੈ। ਲਕਸ਼ਯ ਨੇ ਸਖ਼ਤ ਸੰਘਰਸ਼ ਤੋਂ ਬਾਅਦ ਤੀਜਾ ਗੇਮ 21-17 ਨਾਲ ਜਿੱਤ ਲਿਆ।  

- ਭਾਰਤ ਦੇ ਡੇਰਿਅਸ ਚੇਨਈ ਨੇ ਟਰੈਪ ਵਿਅਕਤੀਗਤ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਤਰ੍ਹਾਂ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ 22ਵਾਂ ਤਮਗਾ ਮਿਲਿਆ। ਏਸ਼ੀਆਈ ਖੇਡਾਂ ਵਿਚ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 42 ਹੋ ਗਈ ਹੈ।