ਸੀਰੀਜ਼ ਨੂੰ ਅਪਣੇ ਨਾਂਅ ਕਰਨ ਉਤਰੇਗੀ ਭਾਰਤੀ ਟੀਮ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਮੌਜੂਦਾ ਵਨ ਡੇ ਸੀਰੀਜ਼ 'ਚ ਫਿਲਹਾਲ ਬੜ੍ਹਤ 'ਤੇ.....
ਤਿਰੂਵਨੰਤਪੁਰਮ ( ਪੀ.ਟੀ.ਆਈ ): ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਮੌਜੂਦਾ ਵਨ ਡੇ ਸੀਰੀਜ਼ 'ਚ ਫਿਲਹਾਲ ਬੜ੍ਹਤ 'ਤੇ ਹੈ। ਅੱਜ 5ਵੇਂ ਅਤੇ ਅਖਰੀ ਮੈਚ ਵਿਚ ਜਿੱਤ ਦੇ ਨਾਲ ਉਹ ਸੀਰੀਜ਼ ਅਪਣੇ ਨਾਂਅ ਕਰਨ ਉਤਰੇਗੀ। ਭਾਰਤ ਨੂੰ 2 ਮੈਚਾਂ ਵਿਚ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਸਨ। ਮੁੰਬਈ ਵਿਚ ਉਸ ਨੇ ਵਿੰਡੀਜ਼ ਵਿਰੁੱਧ ਵਨਡੇ ਵਿਚ ਅਪਣੀ ਸਭ ਤੋਂ ਵੱਡੀ ਜਿੱਤ ਦੇ ਨਾਲ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਸੀ। ਦੱਸ ਦਈਏ ਕਿ ਹੁਣ ਭਾਰਤ ਦਾ ਟੀਚਾ ਸੀਰੀਜ਼ 'ਤੇ ਕਬਜ਼ਾ ਕਰਨ ਦਾ ਹੈ।
ਪਿਛਲੇ ਮੈਚ ਵਿਚ ਅਪਣੇ ਘਰੇਲੂ ਮੈਦਾਨ 'ਤੇ ਬੱਲੇਬਾਜ਼ ਰੋਹਿਤ ਸ਼ਰਮਾ ਨੇ 162 ਦੌੜਾਂ ਅਤੇ ਅੰਬਾਤੀ ਰਾਇਡੂ ਨੇ 100 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਇਨ੍ਹਾਂ ਤੋਂ ਉਮੀਦ ਰਹੇਗੀ ਕਿ ਉਹ ਇਸ ਫਾਰਮ ਨੂੰ ਬਰਕਰਾਰ ਰਖਣ। ਪਿਛਲੇ 2 ਮੈਚਾਂ ਵਿਚ ਟੀਮ ਦਾ ਮੱਧਕ੍ਰਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਰਾਇਡੂ ਦੀ ਪਾਰੀ ਅਤੇ ਕੇਦਾਰ ਜਾਧਵ ਦੀ ਵਾਪਸੀ ਨਾਲ ਹੁਣ ਇਹ ਚਿੰਤਾ ਘੱਟ ਹੋਈ ਹੈ। ਹਾਲਾਂਕਿ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹੁਣ ਤੱਕ ਮੱਧਕ੍ਰਮ 'ਚ ਕੋਈ ਖਾਸ ਯੋਗਦਾਨ ਨਹੀਂ ਦੇ ਸਕਿਆ ਹੈ। ਉਥੇ ਹੀ ਸ਼ਿਖਰ ਧਵਨ ਦਾ ਯੋਗਦਾਨ ਵੀ ਖਾਸ ਨਹੀਂ ਦੇਖਣ ਨੂੰ ਮਿਲਿਆ।
ਕਪਤਾਨ ਵਿਰਾਟ ਕੋਹਲੀ ਇਸ ਸਮੇਂ ਜ਼ਬਰਦਸਤ ਫਾਰਮ 'ਚ ਹੈ। ਇਸ ਸੀਰੀਜ਼ ਦੌਰਾਨ ਉਹ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣਿਆ ਹੈ। ਵਿਰਾਟ ਨੇ 4 ਮੈਚਾਂ ਵਿਚ 3 ਸੈਂਕੜੇ ਬਣਾਏ ਹਨ ਅਤੇ ਸੀਰੀਜ਼ 'ਚ ਟਾਪ ਸਕੋਰਰ ਹੈ। ਦੂਸਰੇ ਪਾਸੇ ਰਾਇਡੂ ਨੇ ਪਿਛਲੇ ਮੈਚ 'ਚ ਸੈਂਕੜਾ ਜੜ ਕੇ ਆਪਣੀ ਅਹਿਮੀਅਤ ਸਾਬਿਤ ਕੀਤੀ ਹੈ। ਚੌਥੇ ਨੰਬਰ 'ਤੇ ਉਸ ਦੀ ਸਥਿਤੀ ਕਾਫੀ ਮਜ਼ਬੂਤ ਹੋਈ ਹੈ। ਦੂਜੇ ਪਾਸੇ ਵਿੰਡੀਜ਼ ਟੀਮ ਨੇ ਇਕ ਮੈਚ ਨੂੰ ਟਾਈ ਕਰਾਇਆ ਅਤੇ ਇਕ ਜਿੱਤਿਆ ਹੈ। ਇਸ ਕਾਰਨ ਉਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ।
ਜੇਸਨ ਹੋਲਡਰ ਦੀ ਕਪਤਾਨੀ ਵਾਲੀ ਟੀਮ ਮੈਚ 'ਚ ਵਾਪਸੀ ਦੀ ਕੋਸ਼ਿਸ਼ ਕਰ ਸਕਦੀ ਹੈ। ਜੇਕਰ ਵਿੰਡੀਜ਼ ਇਸ ਮੈਚ ਨੂੰ ਜਿੱਤ ਦੀ ਹੈ ਤਾਂ ਸੀਰੀਜ਼ 2-2 ਨਾਲ ਬਰਾਬਰ ਹੋ ਸਕਦੀ ਹੈ। ਇਸ ਕਾਰਨ ਭਾਰਤ ਨੂੰ ਹਰ ਹਾਲਤ 'ਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਪਵੇਗਾ।