ਨਿਊਜ਼ੀਲੈਂਡ ਤੋਂ ਆਖ਼ਰੀ ਇਕ ਦਿਨਾਂ ਮੈਚ ਹਾਰ ਕੇ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲੜੀ ਜਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੜੀ ਪਹਿਲਾਂ ਹੀ ਜਿੱਤ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤੀਜੇ ਅਤੇ ਆਖ਼ਰੀ ਇਕ ਦਿਨਾਂ ਮੈਚ 'ਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ....

New Zealand and India Cricket Match

ਹੈਮਿਲਟਨ : ਲੜੀ ਪਹਿਲਾਂ ਹੀ ਜਿੱਤ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤੀਜੇ ਅਤੇ ਆਖ਼ਰੀ ਇਕ ਦਿਨਾਂ ਮੈਚ 'ਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ। ਰਿਕਾਰਡ 200ਵਾਂ ਵਨ ਡੇ ਖੇਡਣ ਵਾਲੀ ਮਿਤਾਲੀ ਰਾਜ ਨੇ ਮੈਚ ਤੋਂ ਪਹਿਲਾਂ ਕਲੀਨ ਸਵੀਪ ਦੇ ਟੀਚੇ 'ਤੇ ਜ਼ੋਰ ਦਿਤਾ ਸੀ ਪਰ ਬੱਲੇਬਾਜ਼ੀ ਲਈ ਭੇਜੀ ਗਈ ਉਨ੍ਹਾਂ ਦੀ ਟੀਮ 149 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਨੇ ਇਹ ਟੀਚਾ 29.2 ਓਵਰ 'ਚ ਹਾਸਲ ਕਰ ਲਿਆ। ਤੀਜੇ ਨੰਬਰ 'ਤੇ ਉਤਰੀ ਦੀਪਤੀ ਸ਼ਰਮਾ ਨੇ ਭਾਰਤ ਲਈ 90 ਗੇਂਦਾਂ 'ਚ 52 ਦੌੜਾਂ ਬਣਾਈਆਂ।

ਭਾਰਤ ਦਾ ਸਕੋਰ 35ਵੇਂ ਓਵਰ 'ਚ ਚਾਰ ਵਿਕਟ 'ਤੇ 117 ਦੌੜਾਂ ਸੀ ਅਤੇ ਪੂਰੀ ਟੀਮ 44ਵੇਂ ਓਵਰ 'ਚ 149 ਦੌੜਾਂ 'ਤੇ ਆਊਟ ਹੋ ਗਈ। ਪਹਿਲੇ ਦੋ ਮੈਚਾਂ 'ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਪ੍ਰਦਰਸ਼ਨ ਇੰਨਾ ਦਮਦਾਰ ਸੀ ਕਿ ਮੱਧ ਕ੍ਰਮ ਨੂੰ ਖੇਡਣ ਦੀ ਲੋੜ ਹੀ ਨਹੀਂ ਪਈ। ਮੰਧਾਨਾ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ।
ਮਿਤਾਲੀ ਨੇ ਮੈਚ ਦੇ ਬਾਅਦ ਕਿਹਾ, ''ਮੈਨੂੰ ਨਿਊਜ਼ੀਲੈਂਡ 'ਚ ਪਹਿਲੀ ਸੀਰੀਜ਼ ਜਿੱਤਣ ਦੀ ਖੁਸ਼ੀ ਹੈ। ਮੈਨੂੰ ਖੁਸ਼ੀ ਹੈ ਕਿ ਦੀਪਤੀ ਅਤੇ ਜੇਮਿਮਾ ਜਿਹੀਆਂ ਯੁਵਾ ਖਿਡਾਰਨਾਂ ਨੇ ਦੌੜਾਂ ਬਣਾਈਆਂ। ਗੇਂਦਬਾਜ਼ਾਂ ਨੇ ਪੂਰੀ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਅਸੀਂ ਅੱਜ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ।

ਦੋਹਾਂ ਟੀਮਾਂ ਦੇ ਬੱਲੇਬਾਜ਼ਾਂ ਲਈ ਇਹ ਪਿੱਚ ਕਾਫੀ ਚੁਣੌਤੀਪੂਰਨ ਸੀ। ਨਿਊਜ਼ੀਲੈਂਡ ਲਈ ਆਫ਼ ਸਪਿਨਰ ਅੰਨਾ ਪੀਟਰਸਨ ਨੇ 10 ਓਵਰ 'ਚ 28 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ ਜਦਕਿ ਤੇਜ਼ ਗੇਂਦਬਾਜ਼ ਤਾਹੂਕੂ ਨੂੰ ਤਿੰਨ ਵਿਕਟਾਂ ਮਿਲੀਆਂ। ਤਿੰਨਾਂ ਮੈਚਾਂ ਦੀ ਟੀ-20 ਸੀਰੀਜ਼ 6 ਫਰਵਰੀ ਤੋਂ ਵੇਲਿੰਗਟਨ 'ਚ ਸ਼ੁਰੂ ਹੋਵੇਗੀ।