ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਹੁਣ ਨਿਊਜ਼ੀਲੈਂਡ ਨੂੰ ਦਰੜਿਆ, ਗਰੁਪ ’ਚੋਂ ਜੇਤੂ ਬਣ ਕੇ ਸੈਮੀਫ਼ਾਈਨਲ ’ਚ ਪਹੁੰਚਿਆ ਭਾਰਤ

ਏਜੰਸੀ

ਖ਼ਬਰਾਂ, ਖੇਡਾਂ

ਸੈਮੀਫ਼ਾਈਨਲ ’ਚ 4 ਮਾਰਚ ਨੂੰ ਭਾਰਤ ਦਾ ਮੁਕਾਬਲਾ ਹੋਵੇਗਾ ਆਸਟਰੇਲੀਆ ਨਾਲ

Champions Trophy: India beats New Zealand

ਦੁਬਈ : ਚੈਂਪੀਅਨਜ਼ ਟਰਾਫ਼ੀ 2025 ਤਹਿਤ ਗਰੁੱਪ ਸਟੇਜ ਦਾ ਆਖ਼ਰੀ ਮੁਕਾਬਲਾ ਅੱਜ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਖੇਡਿਆ ਗਿਆ ਹੈ।  ਇਹ ਮੈਚ ਭਾਰਤ ਨੇ ਸ਼ਾਨ ਨਾਲ 44 ਦੌੜਾਂ ਨਾਲ ਜਿੱਤਿਆ ਤੇ ਉਹ ਗਰੁੱਪ ’ਚੋਂ ਜੇਤੂ ਬਣ ਕੇ ਸੈਮੀਫ਼ਾਈਨਲ ’ਚ ਪਹੁੰਚਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ’ਚ 9 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿਤਾ। ਹੁਣ ਸੈਮੀਫ਼ਾਈਨਲ ’ਚ 4 ਮਾਰਚ ਨੂੰ ਭਾਰਤ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। 

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਇਕ ਸਮੇਂ ਭਾਰਤ ਨੇ 30 ਦੌੜਾਂ ਦੇ ਸਕੋਰ ’ਤੇ ਅਪਣੀ 3 ਅਹਿਮ ਵਿਕਟਾਂ ਗੁਆ ਦਿਤੀਆਂ ਸਨ। ਇਸ ਤੋ ਬਾਅਦ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਨੇ ਭਾਰਤ ਨੂੰ ਸੰਭਾਲਿਆ। ਆਖ਼ਰ ’ਤੇ ਹਾਰਦਿਕ ਪੰਡਯਾ 45 ਦੌੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।

ਮਿਲੇ ਟੀਚੇ ਦਾ ਪਿਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲਾ ਝਟਕਾ ਲੱਗਣ ਤੋਂ ਬਾਅਦ ਕੀਵੀ ਬੱਲੇਬਾਜ਼ਾਂ ਦੀ ਗਤੀ ਧੀਮੀ ਪੈ ਗਈ ਤੇ ਰਨ ਰੇਟ ਵਧਦੀ ਰਹੀ। ਆਖ਼ਰ ਰਨ ਗਤੀ ਦਾ ਦਬਾਅ ਇੰਨਾ ਵਧ ਗਿਆ ਕਿ ਬੱਲੇਬਾਜ਼ ਇਕ-ਇਕ ਕਰ ਕੇ ਆਊਟ ਹੁੰਦੇ ਗਏ। ਦੂਜਾ ਕੀਵੀ ਬੱਲੇਬਾਜ਼ ਵਰੁਣ ਚੱਕਰਵਰਤੀ ਦੀ ਫ਼ਿਰਕੀ ਨੂੰ ਨਹੀਂ ਸਮਝ ਸਕੇ। ਸਿੱਟੇ ਵਜੋਂ ਪੂਰੀ ਟੀਮ 205 ਦੌੜਾਂ ’ਤੇ ਢੇਰ ਹੋ ਗਈ। ਵਰੁਣ ਨੇ ਮੈਚ ਵਿਚ 5 ਵਿਕਟਾਂ ਲਈਆਂ।