ਟੀ-20 ਵਿਸ਼ਵ ਕੱਪ ਖੇਡਣ ਵਾਲੀ ਟੀਮ ਦੇ ਖਿਡਾਰੀਆਂ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਲਗਾਇਆ ਜੁਰਮਾਨਾ
ਕਿਹਾ : ਜੇ ਜਿੱਤਣ 'ਤੇ ਇਨਾਮ ਮਿਲ ਸਕਦਾ ਹੈ ਤਾਂ ਹਾਰਨ 'ਤੇ ਵੀ ਮਿਲਣੀ ਚਾਹੀਦੀ ਹੈ ਸਜ਼ਾ
ਇਸਲਾਮਾਬਾਦ : ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੱਡਾ ਕਦਮ ਚੁੱਕਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ ਖੇਡਣ ਵਾਲੀ ਟੀਮ ਦੇ ਖਿਡਾਰੀਆਂ ’ਤੇ 50-50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੋਰਡ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਦੇ ਆਧਾਰ 'ਤੇ ਹੀ ਵਿੱਤੀ ਲਾਭ ਮਿਲੇਗਾ।
ਪਾਕਿਸਤਾਨੀ ਫੈਨਜ਼ ਦੇ ਨਾਲ-ਨਾਲ ਬੋਰਡ ਅਧਿਕਾਰੀ ਵੀ ਟੀਮ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹੈ। ਭਾਰਤ ਖ਼ਿਲਾਫ਼ ਮੈਚ ਹਾਰਨ ਤੋਂ ਬਾਅਦ ਹੀ ਹਰ ਪਾਕਿਸਤਾਨੀ ਖਿਡਾਰੀਆਂ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਜੇਕਰ ਚੰਗੇ ਪ੍ਰਦਰਸ਼ਨ ਲਈ ਖਿਡਾਰੀਆਂ ਨੂੰ ਇਨਾਮ ਦਿੱਤਾ ਜਾ ਸਕਦਾ ਹੈ ਤਾਂ ਖ਼ਰਾਬ ਪ੍ਰਦਰਸ਼ਨ ’ਤੇ ਸਜ਼ਾ ਵੀ ਮਿਲੇਗੀ। ਭਾਰਤ ਤੋਂ ਮੈਚ ਹਾਰਨ ਤੋਂ ਬਾਅਦ ਟੀਮ ਨੂੰ ਇਹ ਫ਼ੈਸਲਾ ਸੁਣਾ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਤਨਖਾਹ ਮਿਲਦੀ ਹੈ। ਏ ਸ਼੍ਰੇਣੀ ਦੇ ਖਿਡਾਰੀਆਂ ਨੂੰ 65 ਲੱਖ ਰੁਪਏ, ਬੀ ਸ਼੍ਰੇਣੀ ਦੇ ਖਿਡਾਰੀ ਨੂੰ 45 ਲੱਖ ਰੁਪਏ, ਸੀ ਸ਼੍ਰੇਣੀ ਦੇ ਖਿਡਾਰੀ ਨੂੰ 20 ਲੱਖ ਰੁਪਏ ਤੇ ਡੀ ਸ਼੍ਰੇਣੀ ਦੇ ਖਿਡਾਰੀ ਨੂੰ 12.50 ਲੱਖ ਰੁਪਏ ਹਰ ਮਹੀਨੇ ਤਨਖਾਹ ਮਿਲਦੀ ਹੈ।