ਆਈ.ਸੀ.ਸੀ. ਟੈਸਟ ਰੈਂਕਿੰਗ  ਭਾਰਤ ਨੇ ਅਪਣੀ ਚੜ੍ਹਤ ਮਜ਼ਬੂਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੇ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਚੋਟੀ ਦਾ ਸਥਾਨ ਬਰਕਰਾਰ ਰਖਦਿਆਂ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ 'ਤੇ ਅਪਣੀ ਚੜ੍ਹਤ ਵੀ ਮਜ਼ਬੂਤ ਕਰ ਲਈ ਹੈ।

Team India

ਦੁਬਈ, 30 ਅਪ੍ਰੈਲ : ਭਾਰਤ ਨੇ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਚੋਟੀ ਦਾ ਸਥਾਨ ਬਰਕਰਾਰ ਰਖਦਿਆਂ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ 'ਤੇ ਅਪਣੀ ਚੜ੍ਹਤ ਵੀ ਮਜ਼ਬੂਤ ਕਰ ਲਈ ਹੈ। ਟੈਸਟ ਰੈਂਕਿੰਗ ਦੀ ਗਿਣਤੀ ਤੋਂ 2014-15 ਦੇ ਨਤੀਜੇ ਕੱਢ ਦੇਣ ਅਤੇ 2015-16 ਤੋਂ ਲੈ ਕੇ 2016-17 ਦੇ ਨਤੀਜਿਆਂ ਨੂੰ 50 ਫ਼ੀ ਸਦੀ ਹੀ ਮਹੱਤਵ ਦੇਣ ਦੇ ਬਾਅਦ ਭਾਰਤ ਨੇ ਦੂਜੇ ਨੰਬਰ 'ਤੇ ਕਾਬਰ² ਦੱਖਣੀ ਅਫ਼ਰੀਕਾ 'ਤੇ ਅਪਣੀ ਬੜ੍ਹਤ 13 ਅੰਕਾਂ ਦੀ ਕਰ ਦਿਤੀ ਹੈ। ਪਹਿਲਾਂ ਇਹ ਸਿਰਫ਼ ਚਾਰ ਅੰਕਾਂ ਦੀ ਸੀ।ਭਾਰਤ ਨੇ 2014-15 ਦੇ ਸੈਸ਼ਨ 'ਚ ਆਸਟਰੇਲੀਆ ਤੋਂ ਚਾਰ ਟੈਸਟ ਮੈਚਾਂ ਦੀ ਸੀਰੀਜ਼ 0-2 ਨਾਲ ਗੁਆਈ ਸੀ। ਇਸ ਤੋਂ ਪਹਿਲਾਂ ਉਹ 2014 ਦੀਆਂ ਗਰਮੀਆਂ 'ਚ ਇੰਗਲੈਂਡ ਤੋਂ 1-3 ਨਾਲ ਹਾਰ ਗਿਆ ਸੀ। ਇਸ ਤੋਂ ਬਾਅਦ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ 2016-17 ਦੇ ਸੈਸ਼ਨ 'ਚ 13 ਟੈਸਟ ਮੈਚਾਂ 'ਚ 10 'ਚ ਜਿੱਤ ਦਰਜ ਕੀਤੀ। ਭਾਰਤ ਦੇ ਕੁੱਲ ਅੰਕ ਹੁਣ 125 ਹੋ ਗਏ ਹਨ ਜਦਕਿ ਦੱਖਣੀ ਅਫ਼ਰੀਕਾ ਦੇ ਪੰਜ ਅੰਕ ਘੱਟ ਹੋਣ ਕਾਰਨ 112 ਅੰਕ ਹੀ ਰਹਿ ਗਏ ਹਨ। ਦੱਖਣੀ ਅਫ਼ਰੀਕਾ ਹਾਲਾਂਕਿ ਹੋਰਨਾਂ ਟੀਮਾਂ ਤੋਂ ਕਾਫ਼ੀ ਅੱਗੇ ਹੈ। ਆਸਟਰੇਲੀਆ 106 ਅੰਕ ਦੇ ਨਾਲ ਤੀਜੇ ਸਥਾਨ 'ਤੇ ਹਨ। ਉਸ ਨੂੰ ਅਪਡੇਟ ਦੇ ਬਾਅਦ ਚਾਰ ਅੰਕਾਂ ਦਾ ਫ਼ਾਇਦਾ ਹੋਇਆ ਹੈ। ਉਹ ਫਿਰ ਤੋਂ ਨਿਊਜ਼ੀਲੈਂਡ ਦੀ ਜਗ੍ਹਾ ਤੀਜੇ ਸਥਾਨ 'ਤੇ ਪਹੁੰਚ ਗਿਆ ਜੋ ਕਿ ਤਿੰਨ ਅਪ੍ਰੈਲ ਨੂੰ ਅੰਤਿਮ ਕੱਟ ਆਫ਼ ਮਿਤੀ 'ਚ ਉਸ ਤੋਂ ਅੱਗੇ ਨਿਕਲ ਗਿਆ ਸੀ।

ਇੰਗਲੈਂਡ ਨੂੰ ਇਕ ਅੰਕ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਪੰਜਵੇਂ ਸਥਾਨ 'ਤੇ ਹੈ। ਅੰਤਿਮ ਕੱਟ ਆਫ਼ ਮਿਤੀ 'ਚ ਤੀਜੇ ਸਥਾਨ 'ਤੇ ਰਹਿਣ ਦੇ ਕਾਰਨ ਨਿਊਜ਼ੀਲੈਂਡ ਨੇ ਅਪਣੇ ਲਈ 200,000 ਡਾਲਰ ਯਕੀਨੀ ਕੀਤੇ। ਭਾਰਤ ਨੇ ਕੱਟ ਆਫ਼ ਮਿਤੀ 'ਤੇ ਪਹਿਲੇ ਸਥਾਨ 'ਤੇ ਰਹਿਣ ਕਾਰਨ 10 ਲੱਖ ਡਾਲਰ ਅਤੇ ਦੱਖਣੀ ਅਫ਼ਰੀਕਾ ਨੇ ਦੂਜੇ ਸਥਾਨ 'ਤੇ ਰਹਿਣ ਨਾਲ ਪੰਜ ਲੱਖ ਡਾਲਰ ਜਿੱਤੇ। ਨਵੇਂ ਅਪਡੇਟ ਦੇ ਬਾਅਦ ਨਿਊਜ਼ੀਲੈਂਡ ਦੇ 102 ਅੰਕ ਹਨ ਜਦਕਿ ਇੰਗਲੈਂਡ ਦੇ 98 ਅੰਕ ਹੋ ਗਏ ਹਨ। ਇੰਨਾ ਹੀ ਨਹੀਂ ਬੰਗਲਾਦੇਸ਼ ਨੂੰ ਵੀ ਫ਼ਾਇਦਾ ਹੋਇਆ ਹੈ ਅਤੇ ਉਹ ਵੈਸਟਇੰਡੀਜ਼ ਨੂੰ ਪਿੱਛੇ ਛੱਡ ਕੇ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਵੈਸਟਇੰਡੀਜ਼ ਨੌਵੇਂ ਸਥਾਨ 'ਤੇ ਖਿਸਕਿਆ ਹੈ। ਵੈਸਟਇੰਡੀਜ਼ ਨੂੰ ਪੰਜ ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਉਸ ਦੇ ਹੁਣ 67 ਅੰਕ ਹਨ ਜਦਕਿ ਬੰਗਲਾਦੇਸ਼ ਨੂੰ ਚਾਰ ਅੰਕ ਮਿਲੇ ਅਤੇ ਉਸ ਦੇ 75 ਅੰਕ ਹੋ ਗਏ ਹਨ। ਸ੍ਰੀਲੰਕਾ ਨੂੰ ਇਕ ਅੰਕ ਦਾ ਨੁਕਸਾਨ ਹੋਇਆ ਅਤੇ ਉਹ ਛੇਵੇਂ ਸਥਾਨ 'ਤੇ ਹੈ ਜਦਕਿ ਜ਼ਿੰਬਾਬਵੇ ਨੂੰ ਇਕ ਅੰਕ ਦਾ ਫ਼ਾਇਦਾ ਹੋਇਆ ਹੈ ਅਤੇ ਹੁਣ ਉਸ ਦੇ 2 ਅੰਕ ਹੋ ਗਏ ਹਨ। ਅਫ਼ਗ਼ਾਨਿਸਤਾਨ ਅਤੇ ਆਇਰਲੈਂਡ ਨੂੰ ਵੀ ਹੁਣ ਆਲਟਾਈਮ ਮੈਂਬਰਸ਼ਿਪ ਮਿਲ ਚੁੱਕੀ ਹੈ ਅਤੇ ਉਹ ਅਪਣਾ ਟੈਸਟ ਖੇਡਣ ਦੇ ਬਾਅਦ ਇਸ ਸੂਚੀ 'ਚ ਜਗ੍ਹਾ ਬਣਾਉਣਗੇ। ਆਇਰਲੈਂਡ ਨੂੰ 11 ਤੋਂ 15 ਮਈ ਵਿਚਾਲੇ ਡਬਲਿਨ 'ਚ ਪਾਕਿਸਤਾਨ ਵਿਰੁਧ ਜਦਕਿ ਅਫ਼ਗ਼ਾਨਿਸਤਾਨ ਨੂੰ 14 ਤੋਂ 18 ਜੂਨ ਵਿਚਾਲੇ ਬੈਂਗਲੁਰੂ 'ਚ ਭਾਰਤ ਨਾਲ ਅਪਣਾ ਡੈਬਿਊ ਟੈਸਟ ਮੈਚ ਖੇਡਣਾ ਹੈ।        (ਏਜੰਸੀ)