ਪਹਿਲਵਾਨਾਂ ਦੇ ਹੱਕ 'ਚ ਆਈ 1983 ਵਿਸ਼ਵ ਕੱਪ ਜਿੱਤਣ ਵਾਲੀ ਟੀਮ, ਸਾਂਝਾ ਬਿਆਨ ਕੀਤਾ ਜਾਰੀ  

ਏਜੰਸੀ

ਖ਼ਬਰਾਂ, ਖੇਡਾਂ

ਜਲਦਬਾਜ਼ੀ 'ਚ ਕੋਈ ਫ਼ੈਸਲਾ ਨਾਲ ਲੈਣ ਪਹਿਲਵਾਨ

The team that won the 1983 World Cup in favor of the wrestlers, released a joint statement

ਨਵੀਂ ਦਿੱਲੀ - 1983 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਰਤੀ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਕ੍ਰਿਕਟਰਾਂ ਨੇ ਪਹਿਲਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਤਗਮੇ ਗੰਗਾ ਵਿਚ ਨਾ ਸੁੱਟਣ।

ਕਪਿਲ ਦੇਵ ਦੀ ਅਗਵਾਈ ਵਾਲੀ 1983 ਦੀ ਕ੍ਰਿਕੇਟ ਟੀਮ ਵਿਚ ਸ਼ਾਮਲ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੌਜੂਦਾ ਪ੍ਰਧਾਨ ਰੋਜਰ ਬਿੰਨੀ, ਦਿਲੀਪ ਵੇਂਗਸਰਕਰ ਅਤੇ ਮਦਨਲਾਲ ਸਮੇਤ ਕਈ ਖਿਡਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪਹਿਲਵਾਨਾਂ ਨਾਲ ਜੋ ਕੁਝ ਹੋ ਰਿਹਾ ਹੈ, ਉਹ ਦੁਖਦ ਹੈ। ਇਨ੍ਹਾਂ ਪਹਿਲਵਾਨਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਮੀਦ ਹੈ ਕਿ ਉਨ੍ਹਾਂ ਦੀ ਮੰਗ ਸੁਣੀ ਜਾਵੇਗੀ।

1983 ਦੀ ਚੈਂਪੀਅਨ ਟੀਮ ਨੇ ਇੱਕ ਸਾਂਝੇ ਬਿਆਨ ਵਿਚ ਲਿਖਿਆ - 'ਸਾਡੇ ਚੈਂਪੀਅਨ ਪਹਿਲਵਾਨਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਤੋਂ ਅਸੀਂ ਦੁਖੀ ਅਤੇ ਪ੍ਰੇਸ਼ਾਨ ਹਾਂ। ਸਾਨੂੰ ਸਭ ਤੋਂ ਵੱਧ ਚਿੰਤਾ ਇਹ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਗੰਗਾ ਨਦੀ ਵਿਚ ਵਹਾਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਮੈਡਲਾਂ ਵਿਚ ਸਾਲਾਂ ਦੀ ਮਿਹਨਤ, ਕੁਰਬਾਨੀ, ਦ੍ਰਿੜ੍ਹ ਇਰਾਦੇ ਅਤੇ ਸਬਰ ਸ਼ਾਮਲ ਹੈ। ਉਹ ਮੈਡਲ ਉਨ੍ਹਾਂ ਦੇ ਹੀ ਨਹੀਂ, ਦੇਸ਼ ਦਾ ਵੀ ਮਾਣ ਹਨ। ਕ੍ਰਿਕਟਰਾਂ ਨੇ ਆਪਣੇ ਸਾਂਝੇ ਬਿਆਨ 'ਚ ਲਿਖਿਆ- ਅਸੀਂ ਉਨ੍ਹਾਂ ਨੂੰ ਇਸ ਮਾਮਲੇ 'ਚ ਜਲਦਬਾਜ਼ੀ 'ਚ ਕੋਈ ਫ਼ੈਸਲਾ ਨਾ ਲੈਣ ਦੀ ਅਪੀਲ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇਗਾ ਅਤੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਦੇਸ਼ ਦਾ ਕਾਨੂੰਨ ਕਾਇਮ ਰਹਿਣ ਦਿਓ।