PARIS OLYMPICS 2024 : ਅਮਿਤ ਪੰਘਾਲ ਨੇ ਹਾਸਲ ਕੀਤਾ ਪੈਰਿਸ ਓਲੰਪਿਕ ਦਾ ਕੋਟਾ , ਕੁਆਲੀਫਾਈ ਕਰਨ ਵਾਲਾ ਦੂਜਾ ਭਾਰਤੀ ਪੁਰਸ਼ ਮੁੱਕੇਬਾਜ਼

ਏਜੰਸੀ

ਖ਼ਬਰਾਂ, ਖੇਡਾਂ

ਅਮਿਤ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ 'ਚ ਵੀ ਜਿੱਤਿਆ ਸੀ ਸੋਨ ਤਮਗਾ

Amit Panghal

PARIS OLYMPICS 2024 : ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਅਮਿਤ ਪੰਘਾਲ ਨੇ ਐਤਵਾਰ ਨੂੰ ਬੈਂਕਾਕ ਵਿੱਚ ਵਿਸ਼ਵ ਮੁੱਕੇਬਾਜ਼ੀ ਕੁਆਲੀਫਾਇਰ ਵਿੱਚ ਪੁਰਸ਼ਾਂ ਦੇ 51 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਚੀਨ ਦੇ ਲਿਊ ਚੁਆਂਗ ਨੂੰ 5-0 ਨਾਲ ਹਰਾ ਕੇ ਓਲੰਪਿਕ ਟਿਕਟ ਹਾਸਲ ਕੀਤੀ।

ਪੰਘਾਲ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਦੂਜਾ ਪੁਰਸ਼ ਇੱਕ ਮੁੱਕੇਬਾਜ਼ ਬਣਿਆ ਹੈ। ਇਸ ਤੋਂ ਪਹਿਲਾਂ 71 ਕਿਲੋਗ੍ਰਾਮ ਵਰਗ ਵਿੱਚ ਨਿਸ਼ਾਂਤ ਦੇਵ ਨੇ ਮੋਲਡੋਵਾ ਦੇ ਵਾਸਿਲ ਕੈਬੋਟਾਰੀ ਨੂੰ 5-0 ਨਾਲ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ।

ਅਮਿਤ ਪੰਘਾਲ ਨੇ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ 51 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।

ਜ਼ਰੀਨ-ਪ੍ਰੀਤੀ ਅਤੇ ਲਵਲੀਨਾ ਵੀ ਕਰ ਚੁੱਕੀ ਹੈ ਕੁਆਲੀਫਾਈ 

ਅਮਿਤ ਪੰਘਾਲ ਤੋਂ ਇਲਾਵਾ 2022 ਦੀਆਂ ਏਸ਼ੀਅਨ ਖੇਡਾਂ 'ਚ ਜਿੱਤ ਹਾਸਲ ਕਰਨ ਵਾਲੀ ਨਿਖਤ ਜ਼ਰੀਨ (ਮਹਿਲਾ 50 ਕਿਲੋਗ੍ਰਾਮ), ਪ੍ਰੀਤੀ ਪਵਾਰ (ਮਹਿਲਾ 54 ਕਿਲੋਗ੍ਰਾਮ) ਅਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (ਮਹਿਲਾ 75 ਕਿਲੋਗ੍ਰਾਮ) ਦੇ ਨਾਲ ਮੁੱਕੇਬਾਜ਼ੀ 'ਚ ਸ਼ਾਮਲ ਹੋਵੇਗੀ। ਜਿਨ੍ਹਾਂ ਨੇ ਏਸ਼ੀਅਨ ਖੇਡਾਂ 2022 ਜਿੱਤ ਕੇ ਪੈਰਿਸ ਲਈ ਆਪਣਾ ਸਥਾਨ ਪੱਕਾ ਕਰ ਲਿਆ ਸੀ।

ਟੋਕੀਓ ਓਲੰਪਿਕ 'ਚ ਪਹਿਲੇ ਦੌਰ 'ਚ ਹਾਰੇ ਸੀ 

ਅਮਿਤ ਪੰਘਾਲ ਨੇ 2020 ਟੋਕੀਓ ਓਲੰਪਿਕ ਵਿੱਚ 52 ਕਿਲੋਗ੍ਰਾਮ ਵਰਗ ਵਿੱਚ ਵਿਸ਼ਵ ਨੰਬਰ 1 ਵਜੋਂ ਪ੍ਰਵੇਸ਼ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੂੰ ਰੀਓ ਓਲੰਪਿਕ ਦੇ ਸਿਲਵਰ ਤਮਗਾ ਜੇਤੂ ਯੂਬਰਗੇਨ ਮਾਰਟੀਨੇਜ਼ ਤੋਂ 1-4 ਨਾਲ ਹਾਰ ਦਿੱਤਾ ਗਿਆ ਸੀ।

2016 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ

ਪੰਘਾਲ ਨੇ 2016 ਵਿੱਚ ਪਹਿਲੀ ਵਾਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ 2018 ਵਿੱਚ ਭਾਰਤੀ ਸੈਨਾ ਵਿੱਚ ਸ਼ਾਮਲ ਹੋਇਆ ਅਤੇ ਪੁਣੇ ਵਿੱਚ ਆਰਮੀ ਸਪੋਰਟਸ ਇੰਸਟੀਚਿਊਟ ਵਿੱਚ ਸਿਖਲਾਈ ਸ਼ੁਰੂ ਕੀਤੀ। ਉਸ ਨੂੰ ਜਲਦੀ ਹੀ ਇਸ ਦਾ ਲਾਭ ਮਿਲਿਆ ਅਤੇ ਪੰਘਾਲ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਹੋਈਆਂ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਨੇ ਸੋਨ ਤਗਮਾ ਜਿੱਤਿਆ ਸੀ

ਏਸ਼ੀਅਨ ਚੈਂਪੀਅਨਸ਼ਿਪ ਵਿੱਚ ਜਿੱਤੇ ਤਿੰਨ ਤਗਮੇ  

ਪੰਘਾਲ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ 3 ਤਗਮੇ ਜਿੱਤੇ। 2017 ਵਿੱਚ ਉਨ੍ਹਾਂ ਨੇ ਤਾਸ਼ਕੰਦ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 2019 ਵਿੱਚ ਉਨ੍ਹਾਂ ਨੇ ਬੈਂਕਾਕ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ।