ਜ਼ਿੰਬਾਬਵੇ ਨੂੰ ਹਰਾ ਕੇ ਸ੍ਰੀਲੰਕਾ ਨੇ ਵਿਸ਼ਵ ਕੱਪ ’ਚ ਥਾਂ ਪੱਕੀ ਕੀਤੀ
ਦੂਜੇ ਸਥਾਨ ਲਈ ਮੁਕਾਬਲਾ ਜ਼ਿੰਬਾਬਵੇ, ਸਕਾਟਲੈਂਡ ਅਤੇ ਨੀਦਰਲੈਂਡ ’ਚ
ਹਰਾਰੇ: ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟ ਇੰਡੀਜ਼ ਦੇ ਬਾਹਰ ਹੋਣ ਤੋਂ ਬਾਅਦ ਤਿੰਨ ਟੀਮਾਂ ’ਚੋਂ ਕਿਸੇ ਇਕ ਕੋਲ ਜ਼ਿੰਬਾਬਵੇ ਵਿਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਭਾਰਤ ਵਿਚ ਇਸ ਸਾਲ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਅਜੇ ਵੀ ਮੌਕਾ ਹੈ।
ਸ਼੍ਰੀਲੰਕਾ ਦੇ ਤਿੰਨ ਸੁਪਰ ਸਿਕਸ ਮੈਚਾਂ ਵਿਚ ਅੱਠ ਅੰਕ ਹਨ। ਟੂਰਨਾਮੈਂਟ ’ਚ ਹੁਣ ਤਕ ਅਜੇਤੂ ਰਹੀ ਸ਼੍ਰੀਲੰਕਾ ਨੇ ਐਤਵਾਰ ਨੂੰ ਜ਼ਿੰਬਾਬਵੇ ਹਰਾ ਦਿਤਾ ਅਤੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਗਈ।
ਜ਼ਿੰਬਾਬਵੇ, ਸਕਾਟਲੈਂਡ ਅਤੇ ਨੀਦਰਲੈਂਡ 5 ਅਕਤੂਬਰ ਤੋਂ ਭਾਰਤ ਵਿਚ ਸ਼ੁਰੂ ਹੋਣ ਵਾਲੇ ਵੱਕਾਰੀ 50 ਓਵਰਾਂ ਦੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦੀ ਦੌੜ ਵਿਚ ਚਲ ਰਹੀਆਂ ਤਿੰਨ ਟੀਮਾਂ ਵਿਚ ਸ਼ਾਮਲ ਹਨ।
ਅੱਜ ਦੀ ਹਾਰ ਤੋਂ ਬਾਅਦ ਜ਼ਿੰਬਾਬਵੇ ਦੇ ਚਾਰ ਮੈਚਾਂ ਵਿਚ ਛੇ ਅੰਕ ਹਨ। ਟੀਮ ਦੀ ਨੈੱਟ ਰਨ ਰੇਟ ਬਹੁਤ ਚੰਗੀ ਨਹੀਂ ਹੈ ਅਤੇ ਸ਼੍ਰੀਲੰਕਾ ਵਿਰੁਧ ਹਾਰ ਤੋਂ ਬਾਅਦ ਜ਼ਿੰਬਾਬਵੇ ਦਾ ਵਿਸ਼ਵ ਕੱਪ ’ਚ ਰਸਤਾ ਆਸਾਨ ਨਹੀਂ ਹੋਵੇਗਾ। ਅਪਣੇ ਆਖ਼ਰੀ ਮੈਚ ਵਿਚ ਸਕਾਟਲੈਂਡ ਵਿਰੁਧ ਹਾਰ ਨਾਲ ਜ਼ਿੰਬਾਬਵੇ ਟੂਰਨਾਮੈਂਟ ਤੋਂ ਬਾਹਰ ਹੋ ਸਕਦਾ ਹੈ।
ਸਕਾਟਲੈਂਡ ਦੇ ਤਿੰਨ ਮੈਚਾਂ ਵਿਚ ਚਾਰ ਅੰਕ ਹਨ। ਵੈਸਟ ਇੰਡੀਜ਼ ਵਿਰੁਧ ਜਿੱਤ ਨਾਲ ਟੀਮ ਦੀਆਂ ਕੁਆਲੀਫਾਈ ਕਰਨ ਦੀਆਂ ਉਮੀਦਾਂ ਵਧ ਗਈਆਂ ਹਨ। ਸਕਾਟਲੈਂਡ ਕੁਆਲੀਫਾਈ ਕਰ ਲਵੇਗਾ ਜੇਕਰ ਉਹ ਅਪਣੇ ਬਾਕੀ ਦੋਵੇਂ ਮੈਚ ਜਿੱਤਦਾ ਹੈ।
ਸਕਾਟਲੈਂਡ ਦੀ ਨੈੱਟ ਰਨ ਰੇਟ 0.188 ਹੈ ਅਤੇ ਉਸ ਨੂੰ ਮੰਗਲਵਾਰ ਨੂੰ ਜ਼ਿੰਬਾਬਵੇ ਵਿਰੁਧ ਅਪਣਾ ਅਗਲਾ ਮੈਚ ਜਿੱਤਣਾ ਹੋਵੇਗਾ।
ਨੀਦਰਲੈਂਡ ਦੇ ਤਿੰਨ ਮੈਚਾਂ ਵਿਚ ਦੋ ਅੰਕ ਹਨ ਅਤੇ ਉਸ ਨੂੰ ਵਿਸ਼ਵ ਕੱਪ ਵਿਚ ਥਾਂ ਬਣਾਉਣ ਲਈ ਓਮਾਨ ਅਤੇ ਸਕਾਟਲੈਂਡ ਵਿਰੁਧ ਅਪਣੇ ਬਾਕੀ ਦੋ ਮੈਚਾਂ ਵਿਚ ਵੱਡੀ ਜਿੱਤ ਦੀ ਲੋੜ ਹੋਵੇਗੀ।
ਸ਼੍ਰੀਲੰਕਾ ਦੇ ਕੁਆਲੀਫਾਈ ਕਰਨ ਤੋਂ ਬਾਅਦ ਦੂਜੇ ਸਥਾਨ ਦਾ ਮੁਕਾਬਲਾ ਨੀਦਰਲੈਂਡ, ਜ਼ਿੰਬਾਬਵੇ ਅਤੇ ਸਕਾਟਲੈਂਡ ਵਿਚਾਲੇ ਹੋਵੇਗਾ। ਨੀਦਰਲੈਂਡ ਦੀ ਚਾਰ ਟੀਮਾਂ ਵਿਚੋਂ ਸਭ ਤੋਂ ਘੱਟ ਨੈੱਟ ਰਨ ਰੇਟ (ਮਨਫ਼ੀ 0.560) ਹੈ।