ਏਸ਼ੀਆ ਕੱਪ 2023 : ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਮੀਂਹ ਕਾਰਨ ਰੱਦ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 266 ਦੌੜਾਂ ਦਾ ਟੀਚਾ ਦਿਤਾ ਸੀ
ਪਾਲੇਕਲ: ਏਸ਼ੀਆ ਕੱਪ ’ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋ ਰਿਹਾ ਮੈਚ ਅੱਜ ਮੀਂਹ ਕਾਰਨ ਰੱਦ ਹੋ ਗਿਆ। ਦੋਵੇਂ ਟੀਮਾਂ ਨੂੰ 1-1 ਅੰਕ ਮਿਲਿਆ ਹੈ। ਪਾਕਿਸਤਾਨ ਇਸ ਦੇ ਨਾਲ ਹੀ ਆਖ਼ਰੀ ਚਾਰ ’ਚ ਪਹੁੰਚ ਗਿਆ ਹੈ। ਜਦਕਿ ਭਾਰਤ ਜੇਕਰ ਨੇਪਾਲ ਨਾਲ ਅਪਣਾ ਮੈਚ ਹਾਰ ਜਾਂਦਾ ਹੈ ਤਾਂ ਉਹ ਏਸ਼ੀਆ ਕੱਪ ’ਚੋਂ ਬਾਹਰ ਹੋ ਜਾਵੇਗਾ।
ਇਸ ਤੋਂ ਪਹਿਲਾਂ ਅੱਜ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਰਦਿਕ ਪੰਡਯਾ ਅਤੇ ਈਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 266 ਦੌੜਾਂ ਦਾ ਟੀਚਾ ਦਿਤਾ ਸੀ।
ਈਸ਼ਾਨ ਨੇ 81 ਗੇਂਦਾਂ ’ਚ 82 ਅਤੇ ਪੰਡਯਾ ਨੇ 90 ਗੇਂਦਾਂ ’ਚ 87 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੇਂ ਵਿਕਟ ਲਈ 141 ਗੇਂਦਾਂ ’ਚ 138 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮਜ਼ਬੂਤ ਸਕੋਰ ਦਿਵਾਇਆ।
ਇਸ ਤੋਂ ਪਹਿਲਾਂ ਪਾਕਿਸਤਾਨੀ ਤੇਜ਼ ਗੇਂਦਬਾਜ਼ ਅਫਰੀਦੀ ਅਤੇ ਹੈਰਿਸ ਰਾਊਫ ਨੇ ਮਿਲ ਕੇ ਭਾਰਤ ਦੇ ਟਾਪ ਆਰਡਰ ਦੀਆਂ ਚਾਰ ਵਿਕਟਾਂ 14.1 ਓਵਰਾਂ ’ਚ ਹੀ 66 ਦੌੜਾਂ ’ਤੇ ਲੈ ਲਈਆਂ ਸਨ।
ਆਮ ਤੌਰ 'ਤੇ ਵੱਡੇ ਸ਼ਾਟ ਖੇਡਣ ਵਾਲੇ ਈਸ਼ਾਨ ਅਤੇ ਪੰਡਯਾ ਦੋਵਾਂ ਨੂੰ ਪਾਕਿਸਤਾਨ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਸੰਜਮ ਨਾਲ ਖੇਡਣਾ ਪਿਆ। ਉਸ ਨੂੰ ਸ਼ਾਟਾਂ ਦੀ ਚੋਣ ਵਿਚ ਸਾਵਧਾਨੀ ਵਰਤਣੀ ਪਈ ਤਾਂ ਕਿ ਵਿਕਟ ਸੁਰੱਖਿਅਤ ਰਹੇ।
ਅਫਰੀਦੀ ਨੇ 35 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਰਊਫ ਨੇ 58 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਨਸੀਮ ਸ਼ਾਹ ਨੇ ਵੀ ਤਿੰਨ ਵਿਕਟਾਂ ਹਾਸਲ ਕੀਤੀਆਂ।
ਵੱਡੇ ਸਟਰੋਕ ਖੇਡਣਾ ਆਸਾਨ ਨਹੀਂ ਸੀ, ਇਸ ਲਈ ਪੰਡਯਾ ਅਤੇ ਕਿਸ਼ਨ ਨੇ ਦੋ-ਦੋ ਦੌੜਾਂ ਬਣਾ ਕੇ ਪਾਰੀ ਨੂੰ ਅੱਗੇ ਵਧਾਇਆ। ਭਾਰਤ ਦੀਆਂ 50 ਦੌੜਾਂ ਸਿਰਫ਼ 52 ਗੇਂਦਾਂ ਵਿਚ ਹੀ ਪੂਰੇ ਹੋਏ।
ਸਾਂਝੇਦਾਰੀ ਦੀ ਸ਼ੁਰੂਆਤ ’ਚ ਇਸ਼ਾਨ ਹਮਲਾਵਰ ਸੀ ਜਦਕਿ ਪੰਡਯਾ ਉਸ ਦੇ ਸਾਥੀ ਦੀ ਭੂਮਿਕਾ ਨਿਭਾਅ ਰਹੇ ਸਨ। ਈਸ਼ਾਨ ਪਹਿਲੀ ਵਾਰ ਚੌਥੇ ਨੰਬਰ ਤੋਂ ਹੇਠਾਂ ਬੱਲੇਬਾਜ਼ੀ ਕਰਨ ਆਇਆ ਸੀ ਪਰ ਉਹ ਥੋੜ੍ਹਾ ਪਰੇਸ਼ਾਨ ਨਹੀਂ ਹੋਇਆ।
ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਵੀ ਅਪਣੇ ਸਪਿਨਰਾਂ ਸ਼ਾਦਾਬ ਖਾਨ, ਮੁਹੰਮਦ ਨਵਾਜ਼ ਅਤੇ ਸਲਮਾਨ ਆਗਾ ਨੂੰ ਲੰਬੇ ਸਪੈਲ ਦਿਤੇ, ਜਿਸ ਨਾਲ ਈਸ਼ਾਨ ਲਈ ਕ੍ਰੀਜ਼ ’ਤੇ ਟਿਕਣਾ ਆਸਾਨ ਹੋ ਗਿਆ।
ਉਸ ਨੇ ਸਿਰਫ 54 ਗੇਂਦਾਂ ’ਚ ਅਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਸੈਂਕੜਾ ਬਣਾਉਣ ਵੱਲ ਵਧਦਾ ਨਜ਼ਰ ਆ ਰਿਹਾ ਸੀ। ਪਰ ਹਾਈ ਪੂਲ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਰਊਫ ਨੂੰ ਸਰਕਲ ਦੇ ਅੰਦਰ ਬਾਬਰ ਨੇ ਕੈਚ ਕਰ ਲਿਆ। ਹਾਲਾਂਕਿ ਭਾਰਤੀ ਟੀਮ ਪ੍ਰਬੰਧਨ, ਜੋ ਮੱਧ ਕ੍ਰਮ ਵਿੱਚ ਸਹੀ ਸੰਯੋਜਨ ਦੀ ਭਾਲ ’ਚ ਸੀ, ਨੇ ਉਸ ਦੀ ਪਾਰੀ ਤੋਂ ਰਾਹਤ ਦਾ ਸਾਹ ਲਿਆ ਹੋਵੇਗਾ।
ਈਸ਼ਾਨ ਦੇ ਆਊਟ ਹੋਣ ਤੋਂ ਬਾਅਦ ਪੰਡਯਾ ਨੇ ਭਾਰਤੀ ਪਾਰੀ ਦੀ ਕਮਾਨ ਸੰਭਾਲੀ। ਉਸ ਨੇ ਮਿਡਵਿਕਟ ਉੱਤੇ ਨਵਾਜ਼ ਦੀ ਗੇਂਦ ’ਤੇ ਉੱਚਾ ਛੱਕਾ ਮਾਰਿਆ।
ਹਾਲਾਂਕਿ ਅਫਰੀਦੀ ਨੇ ਉਸ ਨੂੰ ਹੌਲੀ ਗੇਂਦ ’ਤੇ ਐਕਸਟਰਾ ਕਵਰ ’ਤੇ ਸਲਮਾਨ ਦੇ ਹੱਥੋਂ ਕੈਚ ਕਰਵਾ ਦਿਤਾ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ 250 ਤੋਂ ਪਾਰ ਪਹੁੰਚਾਇਆ। ਭਾਰਤੀ ਪਾਰੀ ਦਾ ਅੰਤ ਹੁੰਦਿਆਂ ਹੀ ਮੀਂਹ ਮੁੜ ਸ਼ੁਰੂ ਹੋ ਗਿਆ।