ਹੁਣ ਆਪਸੀ ਦੋਸਤੀ ਜੱਗ ਜਾਹਰ ਕਰਨ ਤੋਂ ਡਰਦੇ ਨਹੀਂ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀ
ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਵਿਚਕਾਰ ਦੋਸਤਾਨਾ ਮੁਲਾਕਾਤ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਸ਼ਲਾਘਾ
ਪਾਲੇਕਲ (ਸ੍ਰੀਲੰਕਾ): ਵਿਰਾਟ ਕੋਹਲੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ਼ ਕੋਲ ਜਾਂਦੇ ਹਨ, ਉਨ੍ਹਾਂ ਨੂੰ ਗਲੇ ਮਿਲਦੇ ਹਨ ਅਤੇ ਫਿਰ ਆਪਸ ’ਚ ਕੁਝ ਗੱਲਾਂ ਕਰ ਕੇ ਹੱਸਣ ਲਗਦੇ ਹਨ।
ਭਾਰਤ ਅਤੇ ਪਾਕਿਸਤਾਨ ਨੂੰ ਕ੍ਰਿਕੇਟ ਦੇ ਮੈਦਾਨ ’ਤੇ ਧੁਰ ਵਿਰੋਧੀ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ਦੇ ਖਿਡਾਰੀਆਂ ਵਿਚਕਾਰ ਚੰਗੇ ਸਬੰਧ ਰਹੇ ਹਨ ਜਿਸ ਦੀ ਇਕ ਝਲਕ ਕੋਹਲੀ ਅਤੇ ਰਊਫ਼ ਦੀ ਮੁਲਾਕਾਤ ਨੇ ਸ੍ਰੀਲੰਕਾ ’ਚ ਪੇਸ਼ ਕੀਤੀ।
ਕੋਹਲੀ ਨੇ ਬਾਅਦ ’ਚ ਪਾਕਿਸਤਾਨ ਦੇ ਉਪ ਕਪਤਾਨ ਸ਼ਾਦਾਬ ਖ਼ਾਨ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕੁਝ ਪਲ ਬਿਤਾਏ। ਇਹੀ ਨਹੀਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਰਊਫ਼ ਨਾਲ ਪਾਲੇਕਲ ਦੀ ਪਿੱਚ ਨੂੰ ਲੈ ਕੇ ਚਰਚਾ ਕੀਤੀ।
ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਵਿਚਕਾਰ ਇਸ ਤਰ੍ਹਾਂ ਦੀ ਮੁਲਾਕਾਤ ਦੇ ਵੀਡੀਉ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਸ਼ਲਾਘਾ ਹੋਈ ਹੈ।
ਇਹ 80 ਅਤੇ 90 ਦੇ ਦਹਾਕੇ ਦੇ ਕਿਸੇ ਕ੍ਰਿਕੇਟ ਪ੍ਰੇਮੀ ਲਈ ਹੈਰਾਨੀ ਭਰਿਆ ਦ੍ਰਿਸ਼ ਹੋ ਸਕਦਾ ਹੈ ਕਿਉਂਕਿ ਉਦੋਂ ਇਨ੍ਹਾਂ ਦੋਹਾਂ ਦੇਸ਼ਾਂ ਦੇ ਕ੍ਰਿਕੇਟਰ ਜਨਤਕ ਤੌਰ ’ਤੇ ਇਕ ਦੂਜੇ ਨਾਲ ਮਿਲਣ ਤੋਂ ਕਤਰਾਉਂਦੇ ਸਨ। ਇਹ ਵੱਖ ਗੱਲ ਹੈ ਕਿ ਪਰਦੇ ਪਿੱਛੇ ਉਨ੍ਹਾਂ ਵਿਚਕਾਰ ਚੰਗੇ ਸਬੰਧ ਸਨ।
ਇਮਰਾਨ ਖ਼ਾਨ ਅਤੇ ਵਸੀਮ ਅਕਰਮ ਵਿਅਕਤੀਗਤ ਸੱਦੇ ’ਤੇ ਨਵੀਂ ਦਿੱਲੀ ਜਾਂ ਮੁੰਬਈ ਆਉਂਦੇ ਰਹਿੰਦੇ ਸਨ। ਇਹੀ ਨਹੀਂ ਦੁਬਈ ਦੇ ਹੋਟਲਾਂ ’ਚ ਉਨ੍ਹਾਂ ਵਿਚਕਾਰ ਚੰਗੀ ਗੱਪਸ਼ੱਪ ਚਲਦੀ ਰਹਿੰਦੀ ਸੀ। ਪਰ ਅਜਿਹਾ ਉਹ ਜਨਤਕ ਤੌਰ ’ਤੇ ਨਹੀਂ ਕਰਦੇ ਸਨ।
ਪਰ ਲਗਦਾ ਹੈ ਕਿ ਖਿਡਾਰੀਆਂ ਦੀ ਇਸ ਪੀੜ੍ਹੀ ਨੇ ਸਮਝ ਲਿਆ ਹੈ ਕਿ ਕ੍ਰਿਕੇਟ ਸਿਰਫ਼ ਇਕ ਖੇਡ ਹੈ ਜਾਂ ਫਿਰ ਉਹ ਏਨੇ ਹਿੰਮਤੀ ਹੋ ਗਏ ਹਨ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਖ਼ੁਦ ਫੈਸਲਾ ਲੈ ਸਕਦੇ ਹਨ।
ਕੋਹਲੀ ਜਦੋਂ ਖ਼ਰਾਬ ਦੌਰ ’ਚੋਂ ਲੰਘ ਰਹੇ ਸਨ ਤਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਉਨ੍ਹਾਂ ਦੀ ਹਮਾਇਤ ’ਚ ਸੰਦੇਸ਼ ਜਾਰੀ ਕੀਤਾ ਸੀ। ਸੋਸ਼ਲ ਮੀਡੀਆ ’ਤੇ ਕੋਹਲੀ ਅਤੇ ਬਾਬਰ ’ਚ ਬਿਹਤਰੀਨ ਕੌਣ ਵਰਗੇ ਮਸਲੇ ’ਤੇ ਪ੍ਰਸ਼ੰਸਕਾਂ ਵਿਚਕਾਰ ਭਾਵੇਂ ਤਿੱਖੀ ਪ੍ਰਤੀਕਿਰਿਆ ਚਲਦੀ ਰਹੀ ਹੋਵੇ ਪਰ ਇਹ ਦੋਵੇਂ ਖਿਡਾਰੀ ਇਸ ਤੋਂ ਅਣਛੋਹ ਰਹੇ ਹਨ।
ਕੋਹਲੀ ਨੇ ਪਿੱਛੇ ਜਿਹੇ ਪਾਕਿਸਤਾਨੀ ਕਪਤਾਨ ਨੂੰ ਵਰਤਮਾਨ ਸਮੇਂ ’ਚ ਸਾਰੇ ਰੂਪਾਂ ਦਾ ਬਿਹਤਰੀਨ ਖਿਡਾਰੀ ਕਰਾਰ ਦਿਤਾ ਸੀ ਜਦਕਿ ਬਾਬਰ ਤੋਂ ਪ੍ਰੈੱਸ ਕਾਨਫ਼ਰੰਸ ’ਚ ਅਕਸਰ ਕੋਹਲੀ ਨਾਲ ਮੁਕਾਬਲੇਬਾਜ਼ੀ ਬਾਰੇ ਪੁਛਿਆ ਜਾਂਦਾ ਹੈ। ਏਸ਼ੀਆ ਕੱਪ ’ਚ ਵੀ ਦੋਹਾਂ ਟੀਮਾਂ ਵਿਚਕਾਰ ਮੈਚ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਤੋਂ ਇਸ ਤਰ੍ਹਾਂ ਦਾ ਸਵਾਲ ਕੀਤਾ ਗਿਆ ਸੀ।
ਬਾਬਰ ਨੇ ਇਸ ਦੇ ਜਵਾਬ ’ਚ ਕਿਹਾ ਸੀ, ‘‘ਜਦੋਂ ਮੈਂ 2019 ’ਚ ਉਨ੍ਹਾਂ ਨੂੰ ਮਿਲਿਆ ਸੀ ਤਾਂ ਉਹ ਸਿਖਰ ’ਤੇ ਸਨ। ਉਹ ਅੱਜ ਵੀ ਅਪਣੇ ਸਿਖਰ ’ਤੇ ਹਨ। ਮੈਂ ਉਨ੍ਹਾਂ ਦੇ ਖੇਡ ਤੋਂ ਕੁਝ ਸਿਖਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਤੋਂ ਕਾਫ਼ੀ ਸਿਖਦਾ ਹਾਂ। ਉਹ ਮੇਰੇ ਸਵਾਲਾਂ ਦਾ ਹਮੇਸ਼ਾ ਵਿਸਤਾਰ ਨਾਲ ਜਵਾਬ ਦਿੰਦੇ ਹਨ।’’