ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ’ਚ ਹਰਾ ਕੇ ਪਹਿਲਾ ਹਾਕੀ 5 ਏਸ਼ੀਆ ਕੱਪ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

FIH ਪੁਰਸ਼ ਹਾਕੀ 5 ਵਿਸ਼ਵ ਕੱਪ 2024 ’ਚ ਵੀ ਪ੍ਰਵੇਸ਼ ਕਰ ਲਿਆ

India win on Penalties to win Hockey 5s Asia Cup

ਸਲਾਲਾ (ਓਮਾਨ): ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਸ਼ੂਟਆਊਟ ਵਿਚ 2-0 ਨਾਲ ਹਰਾ ਕੇ ਪਹਿਲਾ ਪੁਰਸ਼ ਹਾਕੀ 5 ਏਸ਼ੀਆ ਕੱਪ ਜਿੱਤ ਲਿਆ ਹੈ। ਨਿਰਧਾਰਤ ਸਮੇਂ ਤਕ ਸਕੋਰ 4-4 ਨਾਲ ਬਰਾਬਰ ਸੀ।

ਇਸ ਜਿੱਤ ਦੇ ਨਾਲ, ਭਾਰਤ ਨੇ FIH ਪੁਰਸ਼ ਹਾਕੀ 5 ਵਿਸ਼ਵ ਕੱਪ 2024 ’ਚ ਵੀ ਪ੍ਰਵੇਸ਼ ਕਰ ਲਿਆ ਹੈ। ਭਾਰਤ ਲਈ ਮੁਹੰਮਦ ਰਾਹੀਲ (19ਵੇਂ ਅਤੇ 26ਵੇਂ), ਜੁਗਰਾਜ ਸਿੰਘ (ਸੱਤਵੇਂ) ਅਤੇ ਮਨਿੰਦਰ ਸਿੰਘ (10ਵੇਂ ਮਿੰਟ) ਨੇ ਨਿਰਧਾਰਤ ਸਮੇਂ ਵਿੱਚ ਗੋਲ ਕੀਤੇ। ਸ਼ੂਟਆਊਟ ਵਿੱਚ ਗੁਰਜੋਤ ਸਿੰਘ ਅਤੇ ਮਨਿੰਦਰ ਸਿੰਘ ਨੇ ਗੋਲ ਕੀਤੇ।

ਪਾਕਿਸਤਾਨ ਲਈ ਅਬਦੁਲ ਰਹਿਮਾਨ (5ਵਾਂ), ਕਪਤਾਨ ਅਬਦੁਲ ਰਾਣਾ (13ਵਾਂ), ਜ਼ਕਰੀਆ ਹਯਾਤ (14ਵਾਂ) ਅਤੇ ਅਰਸ਼ਦ ਲਿਆਕਤ (19ਵਾਂ) ਨੇ ਨਿਰਧਾਰਤ ਸਮੇਂ ’ਚ ਗੋਲ ਕੀਤੇ।

ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਹੀ ਭਾਰਤ ਨੇ ਸੈਮੀਫਾਈਨਲ ’ਚ ਮਲੇਸ਼ੀਆ ਨੂੰ 10-4 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਪਾਕਿਸਤਾਨ ਨੇ ਪਹਿਲੇ ਸੈਮੀਫਾਈਨਲ ’ਚ ਓਮਾਨ ਨੂੰ 7-3 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ।

ਭਾਰਤ ਨੂੰ ਟੂਰਨਾਮੈਂਟ ਦੇ ਇਲੀਟ ਪੂਲ ਪੜਾਅ ਦੇ ਮੈਚ ’ਚ ਪਾਕਿਸਤਾਨ ਤੋਂ 4-5 ਨਾਲ ਹਾਰ ਝੱਲਣੀ ਪਈ ਸੀ।

ਭਾਰਤ ਵਲੋਂ ਸੈਮੀਫ਼ਾਈਨਲ ’ਚ ਮੁਹੰਮਦ ਰਾਹੀਲ (ਨੌਵੇਂ, 16ਵੇਂ, 24ਵੇਂ, 28ਵੇਂ ਮਿੰਟ), ਮਨਿੰਦਰ ਸਿੰਘ (ਦੂਜੇ ਮਿੰਟ), ਪਵਨ ਰਾਜਭਰ (13ਵੇਂ ਮਿੰਟ), ਸੁਖਵਿੰਦਰ (21ਵੇਂ ਮਿੰਟ), ਦਿਪਸਨ ਟਿਰਕੀ (22ਵੇਂ ਮਿੰਟ), ਜੁਗਰਾਜ ਸਿੰਘ (23ਵੇਂ ਮਿੰਟ) ਅਤੇ ਗੁਰਜੋਤ ਸਿੰਘ (29ਵੇਂ ਮਿੰਟ) ਨੇ ਗੋਲ ਦਾਗੇ। 

ਜਦਕਿ ਮਲੇਸ਼ੀਆ ਲਈ ਕਪਤਾਨ ਇਸਮਾਈਲ ਆਸਿਆ ਅਬੂ (ਚੌਥੇ ਮਿੰਟ), ਅਕਹਿਮੁੱਲਾ ਅਨਵਰ (ਸੱਤਵੇਂ, 19ਵੇਂ ਮਿੰਟ), ਮੁਹੰਮਦ ਦਿਨ (19ਵੇਂ ਮਿੰਟ) ’ਚ ਗੋਲ ਕੀਤੇ।