ਭਾਰਤੀ ਪੁਰਸ਼ ਹਾਕੀ ਟੀਮ ਦੀ ਬੰਗਲਾਦੇਸ਼ ’ਤੇ 12-0 ਦੀ ਧਮਾਕੇਦਾਰ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੀਮ ਨੇ ਪੂਲ ਪੜਾਅ ਦੇ ਪੰਜ ਮੈਚਾਂ ’ਚ 58 ਗੋਲ ਕੀਤੇ ਅਤੇ ਸਿਰਫ਼ ਪੰਜ ਗੋਲ ਗੁਆਏ।

The Indian men's hockey team won 12-0 against Bangladesh

ਹਾਂਗਜ਼ੂ : ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀਆਂ ਹੈਟ੍ਰਿਕਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਵਿਚ ਬੰਗਲਾਦੇਸ਼ ਨੂੰ 12-0 ਨਾਲ ਹਰਾ ਕੇ ਪੂਲ ’ਚ ਸਿਖਰ ’ਤੇ ਰਹਿ ਕੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਨੇ ਪੂਲ ਪੜਾਅ ਦੇ ਪੰਜ ਮੈਚਾਂ ’ਚ 58 ਗੋਲ ਕੀਤੇ ਅਤੇ ਸਿਰਫ਼ ਪੰਜ ਗੋਲ ਗੁਆਏ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਉਜ਼ਬੇਕਿਸਤਾਨ ਨੂੰ 16-0 ਨਾਲ, ਸਿੰਗਾਪੁਰ ਨੂੰ 16-1, ਪਾਕਿਸਤਾਨ ਨੂੰ 10-2 ਅਤੇ ਜਾਪਾਨ ਨੂੰ 4-2 ਨਾਲ ਹਰਾਇਆ। ਭਾਰਤ ਲਈ ਕਪਤਾਨ ਹਰਮਨਪ੍ਰੀਤ (ਦੂਜੇ, ਚੌਥੇ ਅਤੇ 32ਵੇਂ ਮਿੰਟ) ਅਤੇ ਮਨਦੀਪ ਸਿੰਘ (18ਵੇਂ, 24ਵੇਂ ਅਤੇ 46ਵੇਂ ਮਿੰਟ) ਨੇ ਤਿੰਨ-ਤਿੰਨ ਗੋਲ ਕੀਤੇ।

ਅਭਿਸ਼ੇਕ (41ਵੇਂ ਅਤੇ 57ਵੇਂ) ਨੇ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ (28ਵੇਂ), ਲਲਿਤ ਉਪਾਧਿਆਏ (23ਵੇਂ), ਗੁਰਜੰਟ ਸਿੰਘ (56ਵੇਂ) ਅਤੇ ਨੀਲਕਾਂਤਾ ਸ਼ਰਮਾ (47ਵੇਂ) ਨੇ ਇਕ-ਇਕ ਗੋਲ ਕੀਤਾ। ਬੰਗਲਾਦੇਸ਼ ਦੀ ਟੀਮ ਭਾਰਤੀ ਗੋਲ ’ਤੇ ਹਮਲਾ ਨਹੀਂ ਕਰ ਸਕੀ ਅਤੇ ਇਕ ਵਾਰ ਫਿਰ ਭਾਰਤੀ ਗੋਲਕੀਪਰ ਮੂਕ ਦਰਸ਼ਕ ਬਣੇ ਰਹੇ। ਹੁਣ ਭਾਰਤ ਦਾ ਸਾਹਮਣਾ 4 ਅਕਤੂਬਰ ਨੂੰ ਹੋਣ ਵਾਲੇ ਸੈਮੀਫ਼ਾਈਨਲ ’ਚ ਪੂਲ ਬੀ ਦੀ ਦੂਜੇ ਸਥਾਨ ’ਤੇ ਰਹੀ ਟੀਮ ਨਾਲ ਹੋਵੇਗਾ।