IND Vs SA 2nd Test: ਟੀਮ ਇੰਡੀਆ ਦੇ 7 ਬੱਲੇਬਾਜ਼ ਜ਼ੀਰੋ 'ਤੇ ਪਰਤੇ, 11 ਗੇਂਦਾਂ 'ਚ ਡਿੱਗੀਆਂ 6 ਵਿਕਟਾਂ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਨੇ ਆਪਣੇ ਆਖਰੀ 6 ਵਿਕਟ 11 ਗੇਂਦਾਂ 'ਤੇ ਗੁਆ ਦਿੱਤੇ। 

IND Vs SA 2nd Test

IND Vs SA 2nd Test:  ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ ਦੇ ਲਗਾਤਾਰ ਦੂਜੇ ਮੈਚ 'ਚ ਟੀਮ ਇੰਡੀਆ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆ ਵਾਂਗ ਡਿੱਗ ਗਈ। ਸੈਂਚੁਰੀਅਨ ਟੈਸਟ 'ਚ ਸ਼ਰਮਨਾਕ ਪਾਰੀ ਦੀ ਹਾਰ ਤੋਂ ਬਾਅਦ ਕੇਪਟਾਊਨ ਟੈਸਟ 'ਚ ਵੀ ਬੱਲੇਬਾਜ਼ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੇ। ਸਥਿਤੀ ਇਹ ਸੀ ਕਿ ਪਹਿਲੀ ਪਾਰੀ ਵਿਚ ਭਾਰਤੀ ਟੀਮ ਦੇ 7 ਬੱਲੇਬਾਜ਼ ਬਿਨਾਂ ਕੋਈ ਦੌੜ ਬਣਾਏ ਵਾਪਸ ਪਰਤ ਗਏ। ਟੀਮ ਇੰਡੀਆ ਨੇ ਆਪਣੇ ਆਖਰੀ 6 ਵਿਕਟ 11 ਗੇਂਦਾਂ 'ਤੇ ਗੁਆ ਦਿੱਤੇ। 

ਦੱਖਣੀ ਅਫ਼ਰੀਕਾ ਖਿਲਾਫ਼ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਅਜਿਹੀ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਹਨ ਜੋ ਇਸ ਤੋਂ ਪਹਿਲਾਂ ਕਿਸੇ ਭਾਰਤੀ ਕਪਤਾਨ ਨੇ ਹਾਸਲ ਨਹੀਂ ਕੀਤੀ ਹੈ। ਕੋਈ ਵੀ ਭਾਰਤੀ ਕਪਤਾਨ ਦੱਖਣੀ ਅਫ਼ਰੀਕਾ 'ਚ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ ਹੈ। ਰੋਹਿਤ ਸ਼ਰਮਾ ਵੀ ਇਸ 'ਚ ਅਸਫ਼ਲ ਰਹੇ। ਸੈਂਚੁਰੀਅਨ ਟੈਸਟ ਵਿਚ ਇੱਕ ਪਾਰੀ ਅਤੇ 32 ਦੌੜਾਂ ਦੀ ਹਾਰ ਨਾਲ ਉਹਨਾਂ ਦਾ ਸੁਪਨਾ ਚਕਨਾਚੂਰ ਹੋ ਗਿਆ।  

ਕੇਪਟਾਊਨ ਟੈਸਟ ਮੈਚ 'ਚ ਭਾਰਤੀ ਟੀਮ ਦੀ ਬੱਲੇਬਾਜ਼ੀ ਅਜਿਹੀ ਸੀ ਕਿ ਕੋਈ ਵੀ ਦੇਖਣਾ ਨਹੀਂ ਚਾਹੇਗਾ। ਟੀਮ ਇੰਡੀਆ ਦਾ ਸਕੋਰ 33 ਓਵਰਾਂ 'ਚ 153 ਦੌੜਾਂ ਸੀ ਅਤੇ ਸਾਰੇ ਬੱਲੇਬਾਜ਼ 34.5 ਓਵਰਾਂ 'ਚ ਹੀ ਆਊਟ ਹੋ ਗਏ ਸਨ। ਭਾਰਤੀ ਟੀਮ 153 ਦੇ ਸਕੋਰ 'ਤੇ ਆਲ ਆਊਟ ਹੋ ਗਈ। ਟੀਮ ਨੇ ਆਪਣੇ ਆਖ਼ਰੀ 6 ਬੱਲੇਬਾਜ਼ 11 ਗੇਂਦਾਂ 'ਚ ਗੁਆ ਦਿੱਤੇ। 7 ਬੱਲੇਬਾਜ਼ ਖਾਤਾ ਖੋਲ੍ਹੇ ਬਿਨਾਂ ਹੀ ਪਰਤ ਗਏ, ਜਿਸ 'ਚ ਮੁਕੇਸ਼ ਕੁਮਾਰ ਜ਼ੀਰੋ 'ਤੇ ਨਾਬਾਦ ਰਹੇ ਜਦਕਿ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ ਜ਼ੀਰੋ 'ਤੇ ਆਊਟ ਹੋਏ।