IPL News: ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਪਹੁੰਚੇ ਚੰਡੀਗੜ੍ਹ, ਅੱਜ ਮੁੱਲਾਂਪੁਰ ਸਟੇਡੀਅਮ 'ਚ ਕਰਨਗੇ ਅਭਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

IPL News: 5 ਅਪ੍ਰੈਲ ਨੂੰ ਦੋਵਾਂ ਵਿਚਾਲੇ ਹੋਵੇਗਾ ਮੁਕਾਬਲਾ

Rajasthan Royals and Punjab Kings arrive in Chandigarh News in punjabi

Rajasthan Royals and Punjab Kings arrive in Chandigarh : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 18ਵੇਂ ਸੀਜ਼ਨ 'ਚ 5 ਅਪ੍ਰੈਲ ਨੂੰ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਣ ਵਾਲੇ ਮੈਚ ਲਈ ਮੁੱਲਾਂਪੁਰ ਦੇ ਨਿਊ ਪੀਸੀਏ ਸਟੇਡੀਅਮ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ। ਦੋਵੇਂ ਟੀਮਾਂ ਆਪਣੇ ਅਭਿਆਸ ਸੈਸ਼ਨਾਂ ਵਿੱਚ ਖੂਬ ਪਸੀਨਾ ਵਹਾਉਣਗੀਆਂ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਸੀ।

ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਲਈ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੂੰ ਆਪਣਾ ਘਰੇਲੂ ਮੈਦਾਨ ਐਲਾਨਿਆ ਹੈ। ਟੀਮ ਇੱਥੇ ਕੁੱਲ ਚਾਰ ਮੈਚ ਖੇਡੇਗੀ, ਜਦਕਿ ਕੁਝ ਮੈਚ ਧਰਮਸ਼ਾਲਾ ਸਟੇਡੀਅਮ 'ਚ ਹੋਣਗੇ। ਆਈਪੀਐਲ ਦੇ ਨਵੇਂ ਸੀਜ਼ਨ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਇਸ ਸਟੇਡੀਅਮ ਵਿੱਚ ਆਪਣਾ ਅਭਿਆਸ ਕੈਂਪ ਲਾਇਆ ਸੀ ਅਤੇ ਉਥੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

5 ਅਪ੍ਰੈਲ ਨੂੰ ਹੋਣ ਵਾਲੇ ਇਸ ਰੋਮਾਂਚਕ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਟਿਕਟਾਂ ਦੀ ਆਨਲਾਈਨ ਵਿਕਰੀ 9 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ, ਜੋ ਕੁਝ ਹੀ ਦਿਨਾਂ ਵਿੱਚ ਪੂਰੀ ਹੋ ਗਈ। ਟਿਕਟਾਂ ਦੀ ਕੀਮਤ 1250 ਰੁਪਏ (ਅਪਰ ਟੀਅਰ), 1750 ਰੁਪਏ (ਜਨਰਲ ਟੈਰੇਸ ਬਲਾਕ) ਅਤੇ 6500 ਰੁਪਏ (ਹੋਸਪਿਟੈਲਿਟੀ ਲੌਂਜ) ਰੱਖੀ ਗਈ ਹੈ।

ਆਈਪੀਐਲ ਦੇ ਇਸ ਹਾਈਵੋਲਟੇਜ ਮੈਚ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਦਰਸ਼ਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਟੇਡੀਅਮ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਜੇਕਰ ਅਸੀਂ IPL ਦੇ ਇਤਿਹਾਸ ਦੀ ਗੱਲ ਕਰੀਏ ਤਾਂ ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 28 ਮੈਚ ਹੋ ਚੁੱਕੇ ਹਨ, ਜਿਨ੍ਹਾਂ 'ਚ ਰਾਜਸਥਾਨ ਨੇ 16 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪੰਜਾਬ 11 ਮੈਚਾਂ 'ਚ ਸਫ਼ਲ ਰਿਹਾ ਹੈ।
ਇੱਕ ਮੈਚ ਟਾਈ ਹੋ ਗਿਆ ਹੈ। ਹਾਲਾਂਕਿ ਇਸ ਵਾਰ ਪੰਜਾਬ ਕਿੰਗਜ਼ ਦੀ ਟੀਮ 'ਚ ਬਦਲਾਅ ਹੋਏ ਹਨ ਅਤੇ ਉਸ ਨੇ ਦੋਵੇਂ ਮੈਚ ਜਿੱਤੇ ਹਨ।