ਰਾਣਾ ਕੰਧੋਵਾਲੀਆ ਮਾਮਲਾ : NIA ਨੇ ਮਾਰੀ ਹਸਪਤਾਲ 'ਚ ਰੇਡ, ਕਰੀਬ ਇੱਕ ਘੰਟੇ ਤੱਕ ਚੱਲੀ ਤਲਾਸ਼ੀ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਸਪਤਾਲ ਦੇ ਵਿਦੇਸ਼ਾਂ 'ਚ ਗੈਂਗਸਟਰਾਂ ਨਾਲ ਵੀ ਨੇ ਲਿੰਕ: ਸੂਤਰ

Rana Kandhowalia case: NIA raids hospital

ਬਟਾਲਾ : ਗੈਂਗਸਟਰ ਰਾਣਾ ਕੰਧੋਵਾਲੀਆ ਦੇ ਕਤਲ ਮਾਮਲੇ ਵਿਚ ਹੁਣ NIA ਨੇ ਬਟਾਲਾ ਦੇ ਇੱਕ ਨਾਮੀ ਹਸਪਤਾਲ ਵਿਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਲਾਸ਼ੀ ਮੁਹਿੰਮ ਕਰੀਬ ਇੱਕ ਘੰਟਾ ਚੱਲੀ। ਜਾਣਕਾਰੀ ਮੁਤਾਬਕ ਗੈਂਗਸਟਰ ਰਾਣਾ ਕੰਧੋਵਾਲੀਆ ਦੇ ਕਤਲ ਦਾ ਸਬੰਧ ਇਸ ਹਸਪਤਾਲ ਨਾਲ ਹੈ। ਇਸ ਹਸਪਤਾਲ 'ਚ ਰਾਣਾ ਕੰਧੋਵਾਲੀਆ ਦੇ ਕਾਤਲਾਂ ਦਾ ਇਲਾਜ ਹੋਇਆ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨਾਮੀ ਹਸਪਤਾਲ ਨੇ ਨਾ ਸਿਰਫ ਉਕਤ ਦੋਸ਼ੀਆਂ ਦਾ ਇਲਾਜ ਕੀਤਾ ਸਗੋਂ ਕਾਨੂੰਨ ਦੇ ਵਿਰੁੱਧ ਜਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤਕ ਸੁਰੱਖਿਆ ਵੀ ਦਿੱਤੀ। ਦੱਸ ਦੇਈਏ ਕਿ ਦਿੱਲੀ ਤੋਂ ਐਨਆਈਏ ਦੀ ਟੀਮ ਦੇਰ ਰਾਤ ਕਰੀਬ 10 ਵਜੇ ਬਟਾਲਾ ਪੁੱਜੀ ਤੇ ਟੀਮ ਨੇ ਇੱਸ ਨਾਮੀ ਪ੍ਰਾਈਵੇਟ ਹਸਪਤਾਲ 'ਚ ਛਾਪਾ ਮਾਰਿਆ।

ਇਸ ਤੋਂ ਪਹਿਲਾਂ ਵੀ ਇਹ ਹਸਪਤਾਲ ਕਈ ਵਾਰ ਪੁਲਿਸ ਦੀ ਰਡਾਰ 'ਤੇ ਆ ਚੁੱਕਾ ਹੈ ਅਤੇ ਉਕਤ ਹਸਪਤਾਲ ਦੇ ਵਿਦੇਸ਼ੀ ਗੈਂਗਸਟਰਾਂ ਨਾਲ ਨਜ਼ਦੀਕੀ ਸਬੰਧ ਦੱਸੇ ਜਾਂਦੇ ਹਨ ਅਤੇ ਕਈ ਵਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਹੈ, ਜਦਕਿ ਇਸ ਵਾਰ ਮਾਮਲਾ ਰਾਸ਼ਟਰੀ ਏਜੰਸੀ ਐਨਆਈਏ ਦੇ ਕੋਲ ਆਇਆ ਹੈ। ਹਸਪਤਾਲ ਨੇ ਮੁਲਜ਼ਮਾਂ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਸੀ ਪਰ ਇਸ ਨਾਮੀ ਹਸਪਤਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਕੁਝ ਵੀ ਨਹੀਂ ਦੱਸਿਆ ਸੀ। ਹਾਲਾਂਕਿ ਉਸ ਵੇਲੇ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਤੋਂ ਇਨਕਾਰ ਕੀਤਾ ਸੀ।

 ਇਸ ਦੇ ਲਈ NIA ਨੇ ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਛਾਪੇਮਾਰੀ ਦੌਰਾਨ ਉਕਤ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਸਥਾਨਕ ਪੁਲਿਸ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਣ ਦਿੱਤਾ ਗਿਆ। ਟੀਮ ਦੇ ਨਾਲ ਸੀਆਰਪੀਐਫ ਦੀ ਟੀਮ ਵੀ ਦੱਸੀ ਜਾਂਦੀ ਹੈ।

ਟੀਮ ਨੇ ਹਸਪਤਾਲ ਵਿੱਚ ਰਿਕਾਰਡ ਵੀ ਚੈੱਕ ਕੀਤਾ ਅਤੇ ਹਸਪਤਾਲ ਦੇ ਮੈਨੇਜਰ ਤੋਂ ਇੱਕ ਘੰਟੇ ਤਕ ਪੁੱਛਗਿੱਛ ਕੀਤੀ ਗਈ। ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਟੀਮ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ ਜਿਸ ਨੂੰ ਟੀਮ ਆਪਣੇ ਨਾਲ ਲੈ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ।