ਅੰਤਰਰਾਸ਼ਟਰੀ ਪੱਧਰ 'ਤੇ ਚੰਡੀਗੜ੍ਹ ਦਾ ਵੇਟ ਲਿਫਟਰ ਬਣੇਗਾ ਨੈਸ਼ਨਲ ਟੀਮ ਦਾ ਹਿੱਸਾ, ਭਾਰਤੀ ਟੀਮ 'ਚ ਹੋਈ ਚੋਣ
ਪਹਿਲਾਂ ਵੀ ਨੈਸ਼ਨਲ ਚੈਂਪੀਅਨਸ਼ਿਪ 'ਚ ਜਿੱਤ ਚੁੱਕਾ ਹੈ ਮੈਡਲ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਚੰਡੀਗੜ੍ਹ ਦੇ ਵੇਟਲਿਫ਼ਟਰ ਪੁੱਤਰਾਂ ਅਤੇ ਉਨ੍ਹਾਂ ਦੇ ਪਿਉ ਦੀ ਕਹਾਣੀ ਬਹੁਤ ਦਿਲਚਸਪ ਹੈ। ਪਿਤਾ ਗੁਰਜੀਤ ਸਿੰਘ ਪੁੱਤਰਾਂ ਗੁਰਚਰਨ ਸਿੰਘ ਅਤੇ ਪਰਮਵੀਰ ਸਿੰਘ ਨੂੰ ਵੇਟ ਲਿਫ਼ਟਿੰਗ ਦੀ ਕੋਚਿੰਗ ਲਈ ਲੈ ਕੇ ਜਾਂਦੇ ਸਨ। ਬੱਚਿਆਂ ਨੂੰ ਪ੍ਰੈਕਟਿਸ ਕਰਦੇ ਦੇਖ ਉਸ ਨੇ ਵੀ ਅਭਿਆਸ ਕਰਨਾ ਸ਼ੁਰੂ ਕਰ ਦਿਤਾ ਅਤੇ ਹੁਣ ਜਦੋਂ ਉਸ ਦਾ ਬੇਟਾ ਪਰਮਵੀਰ ਨੈਸ਼ਨਲ ਟੀਮ ’ਚ ਪਹੁੰਚ ਗਿਆ ਹੈ ਤਾਂ ਪਿਤਾ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।
ਚੰਡੀਗੜ੍ਹ ਦੇ ਵੇਟਲਿਫ਼ਟਰ ਪਰਮਵੀਰ ਸਿੰਘ ਨੇ ਐਨਆਈਐਸ ਪਟਿਆਲਾ ਵਿਚ ਹੋਏ ਨੈਸ਼ਨਲ ਟਰਾਇਲ ਵਿਚ ਰਿਕਾਰਡ ਪ੍ਰਦਰਸ਼ਨ ਕਰ ਕੇ ਭਾਰਤੀ ਟੀਮ ਵਿਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। ਪਰਮਵੀਰ ਪਹਿਲਾਂ ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਖੇਡੇਗਾ ਅਤੇ ਫਿਰ ਏਸ਼ੀਆਈ ਚੈਂਪੀਅਨਸ਼ਿਪ ’ਚ ਵੀ ਰਾਸ਼ਟਰੀ ਟੀਮ ’ਚ ਸ਼ਾਮਲ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਦਾ ਕੋਈ ਵੇਟ ਲਿਫ਼ਟਰ ਅੰਤਰਰਾਸ਼ਟਰੀ ਪੱਧਰ ’ਤੇ ਰਾਸ਼ਟਰੀ ਟੀਮ ਦਾ ਹਿੱਸਾ ਬਣੇਗਾ।
ਟਰਾਇਲ ਦੌਰਾਨ ਪਰਮਵੀਰ ਨੇ ਕਲੀਨ ਐਂਡ ਜਰਕ ’ਚ 177 ਕਿਲੋਗ੍ਰਾਮ ਭਾਰ ਚੁਕ ਕੇ ਅਪਣਾ ਹੀ ਰਿਕਾਰਡ ਤੋੜਿਆ, ਜਿਸ ’ਚ ਰਾਸ਼ਟਰੀ ਖੇਡਾਂ ਅਤੇ ਖੇਲੋ ਇੰਡੀਆ ਖੇਡਾਂ ’ਚ 176 ਕਿਲੋਗ੍ਰਾਮ ਭਾਰ ਚੁਕ ਕੇ ਉਸ ਦਾ ਨਾਂ ਰਿਕਾਰਡ ਬੁੱਕ ’ਚ ਦਰਜ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਸੌਰਭ ਅਰੋੜਾ ਅਤੇ ਜੁਆਇੰਟ ਡਾਇਰੈਕਟਰ ਸੁਨੀਲ ਰਿਆਤ ਵਲੋਂ ਲਗਾਤਾਰ ਪਰਮਵੀਰ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਪਰਮਵੀਰ ਨੇ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ ’ਚ ਜੂਨੀਅਰ ਅਤੇ ਸਬ-ਜੂਨੀਅਰ ਵਰਗ ’ਚ ਦੋ ਸੋਨ ਤਮਗ਼ੇ ਜਿੱਤ ਕੇ ਚਾਰ ਨਵੇਂ ਰਿਕਾਰਡ ਬਣਾਏ ਸਨ ਅਤੇ ਉਸੇ ਤਰਜ਼ ’ਤੇ ਇਕ ਵਾਰ ਫਿਰ ਤੋਂ ਅਪਣਾ ਹੀ ਰਿਕਾਰਡ ਤੋੜ ਕੇ ਵੇਟਲਿਫ਼ਟਿੰਗ ’ਚ ਅਪਣੀ ਜਗ੍ਹਾ ਪੱਕੀ ਕੀਤੀ ਹੈ। ਭਾਰਤੀ ਟੀਮ. ਰਾਸ਼ਟਰਮੰਡਲ ਵੇਟਲਿਫ਼ਟਿੰਗ 11 ਤੋਂ 17 ਜੁਲਾਈ ਤਕ ਨੋਇਡਾ ਦੀ ਗੌਤਮ ਬੁੱਧ ਯੂਨੀਵਰਸਟੀ ’ਚ ਹੋਵੇਗੀ ਅਤੇ ਏਸ਼ੀਅਨ ਚੈਂਪੀਅਨਸ਼ਿਪ 28 ਜੁਲਾਈ ਤੋਂ 5 ਅਗੱਸਤ ਤਕ ਇਸੇ ਸਥਾਨ ’ਤੇ ਹੋਵੇਗੀ। 16 ਸਾਲਾ ਪਰਮਵੀਰ ਚੰਡੀਗੜ੍ਹ ਤੋਂ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਈਵੈਂਟ ਦਾ ਹਿੱਸਾ ਬਣੇਗਾ। ਸੈਕਟਰ-42 ਸਪੋਰਟਸ ਕੰਪਲੈਕਸ ਦੇ ਸਿਖਿਆਰਥੀ ਹੁਣ ਯੁਵਾ ਜੂਨੀਅਰ ਮੁਕਾਬਲਿਆਂ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਭਾਗ ਲੈਣਗੇ।
ਚਿਤਕਾਰਾ ਸਕੂਲ ਦੇ ਵਿਦਿਆਰਥੀ ਪਰਮਵੀਰ ਦੇ ਕੋਚ ਕਰਨਵੀਰ ਸਿੰਘ ਬੁੱਟਰ ਨੇ ਦੱਸਿਆ ਕਿ 10 ਸਾਲ ਦੀ ਉਮਰ ਵਿੱਚ ਪਰਮਵੀਰ ਨੇ ਵੇਟਲਿਫ਼ਟਿੰਗ ਸ਼ੁਰੂ ਕੀਤੀ। ਉਸ ਨੇ ਪਹਿਲੀ ਵਾਰ 2022 ਵਿੱਚ ਭੁਵਨੇਸ਼ਵਰ ਨੈਸ਼ਨਲ ਵਿੱਚ ਖੇਡਿਆ ਅਤੇ ਸੋਨ ਤਗਮਾ ਜਿੱਤਿਆ, ਜਿਸ ਤੋਂ ਬਾਅਦ ਕਾਂਸੀ ਦਾ ਤਮਗ਼ਾ ਜਿੱਤਿਆ। ਪੰਚਕੂਲਾ ਖੇਲੋ ਖੇਡਾਂ ਵਿਚ ਉਸ ਨੇ ਤਾਮਿਲਨਾਡੂ ਨੈਸ਼ਨਲ ਵਿੱਚ ਇਕੱਠੇ ਦੋ ਗੋਲਡ ਜਿਤੇ। ਇਸ ਤੋਂ ਬਾਅਦ ਉਸ ਨੇ ਮੱਧ ਪ੍ਰਦੇਸ਼ ਵਿਚ ਹੋਈਆਂ ਖੇਲੋ ਇੰਡੀਆ ਖੇਡਾਂ ਵਿਚ ਵੀ ਚੰਡੀਗੜ੍ਹ ਲਈ ਸੋਨ ਤਮਗ਼ਾ ਜਿਤਿਆ।
ਪਰਮਵੀਰ ਨੇ ਰਾਸ਼ਟਰੀ ਟਰਾਇਲਾਂ ਵਿਚ ਕੁਲ 319 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਸਨੈਚ ਵਿਚ 142 ਕਿਲੋਗ੍ਰਾਮ ਅਤੇ ਜਰਕ ਵਿਚ 177 ਕਿਲੋਗ੍ਰਾਮ ਭਾਰ ਚੁਕ ਕੇ ਨਵਾਂ ਰਿਕਾਰਡ ਕਾਇਮ ਕੀਤਾ। ਉਸ ਨੇ ਤਾਮਿਲਨਾਡੂ ਨੈਸ਼ਨਲਜ਼ ਵਿੱਚ ਵੀ 319 ਕਿਲੋਗ੍ਰਾਮ ਭਾਰ ਚੁਕਿਆ ਅਤੇ ਜੂਨੀਅਰ ਅਤੇ ਸਬ-ਜੂਨੀਅਰ ਦੋਵਾਂ ਵਰਗਾਂ ਵਿਚ ਸੋਨ ਤਮਗ਼ੇ ਜਿੱਤੇ। ਸੀ। ਪਰਮਵੀਰ ਦੇ ਪਿਤਾ ਗੁਰਜੀਤ ਸਿੰਘ ਪੰਜਾਬ ਪੀਡਬਲਯੂਡੀ ਵਿਚ ਕੰਮ ਕਰਦੇ ਹਨ ਅਤੇ ਮਾਸਟਰ ਕੈਟਾਗਰੀ ਵਿਚ ਅੰਤਰਰਾਸ਼ਟਰੀ ਤਮਗ਼ਾ ਜੇਤੂ ਵੀ ਹਨ, ਉਨ੍ਹਾਂ ਦਾ ਵੱਡਾ ਭਰਾ ਗੁਰਚਰਨ ਸਿੰਘ ਵੀ ਰਾਸ਼ਟਰੀ ਵੇਟਲਿਫ਼ਟਰ ਹੈ।