ਮੀਂਹ ਨੇ ਵਿੰਬਲਡਨ 2023 ’ਚ ਪਾਇਆ ਵਿਘਨ, ਰੂਬਲੇਵ ਦੂਜੇ ਗੇੜ ’ਚ ਪੁੱਜਣ ਵਾਲੇ ਪਹਿਲੇ ਖਿਡਾਰੀ ਬਣੇ 

ਏਜੰਸੀ

ਖ਼ਬਰਾਂ, ਖੇਡਾਂ

ਚਾਰ ਵਾਰੀ ਦੀ ਗਰੈਂਡ ਸਲੈਮ ਜੇਤੂ ਸਵਿਆਤੇਕ ਨੇ ਚੀਨ ਦੀ ਝੂ ਲੀਨ ਨੂੰ ਦਿਤੀ ਮਾਤ

Wimbledon

ਲੰਡਨ, 3 ਜੁਲਾਈ: 2023 ਦੀ ਵਿੰਬਲਡਨ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਅੱਜ ਪਹਿਲੇ ਦਿਨ ਆਂਦਰੇ ਰੂਬਲੇਵ ਦੂਜੇ ਦੌਰ ’ਚ ਪੁੱਜਣ ਵਾਲੇ ਪਹਿਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਸਿੰਗਲਜ਼ ਮੈਚ ’ਚ ਆਸਟਰੇਲੀਆ ਦੇ ਮੈਕਸ ਪੁਰਸੇਲ ਨੂੰ 6-3, 7-5, 6-4 ਨਾਲ ਹਰਾਇਆ। 

ਇਸ ਤੋਂ ਇਲਾਵਾ ਸ਼ੁਰੂਆਤੀ ਮਰਦਾਨਾ ਮੈਚਾਂ ’ਚ ਅਸਲਾਨ ਕਰਾਤਸੇਵ ਨੇ ਫ਼ਰਾਂਸ ਦੇ ਲੂਕਾ ਵਾਨ ਅਸਾਚੇ ਨੂੰ 6-7(4), 6-4, 6-2, 6-4 ਨਾਲ 3 ਘੰਟੇ 20 ਮਿੰਟ ਚੱਲੇ ਮੈਚ ’ਚ ਹਰਾ ਦਿਤਾ। ਜਦਕਿ ਦਰਜਾਬੰਦੀ ’ਚ 14ਵੇਂ ਨੰਬਰ ਦੇ ਇਟਲੀ ਦੇ ਖਿਡਾਰੀ ਲੋਰੈਂਜ਼ੋ ਮੁਸੇਤੀ ਨੇ ਪੇਰੂ ਦੇ ਜੂਆਨ ਪਾਬਲੋ ਵਾਰੇਲਸ ਨੂੰ 6-4, 6-1, 7-5 ਨਾਲ ਹਰਾਇਆ। 

ਇਸ ਤੋਂ ਬਾਅਦ ਕਈ ਮੈਚਾਂ ’ਚ ਮੀਂਹ ਕਾਰਨ ਵਿਘਨ ਪਿਆ। ਫੇਲਿਕਸ ਔਗਰ-ਅਲੀਆਸੀਮੇ, ਹਰਬਰਟ ਹੁਰਕਾਸ਼ਜ ਅਤੇ ਜੌਨ ਇਸਨਰ ਦੇ ਮੈਚਾਂ ਨੂੰ ਮੀਂਹ ਕਾਰਨ ਰੋਕਣਾ ਪਿਆ। ਮੀਂਹ ਸਮੇਂ ਹੁਰਕਾਸਜ਼ ਅਪਣੇ ਵਿਰੋਧੀ ਅਲਬਰਟ ਰਾਮੋਸ-ਵਿਨੋਲਾਸ ਤੋਂ 6-1, 6-4 ਨਾਲ ਅੱਗੇ ਸਨ। ਇਸ ਤੋਂ ਇਲਾਵਾ ਬਰੈਂਡੋਨ ਨਿਕਾਸ਼ੀਮਾ ਅਤੇ ਜੌਰਡਨ ਥੋਂਪਸਨ ਦੇ ਮੈਚ ਵੀ ਮੀਂਹ ਕਾਰਨ ਰੋਕਣੇ ਗਏ। ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਅਪਣੇ ਵਿਰੋਧੀ ਪਾਦਰੋ ਕੋਚਿਨ ਵਿਰੁਧ ਪਹਿਲੇ ਸੈੱਟ ’ਚ 6-3 ਨਾਲ ਅੱਗੇ ਸਨ ਜਦੋਂ ਮੀਂਹ ਨੇ ਖੇਡ ਰੋਕ ਦਿਤੀ। 

ਜ਼ਾਨਾਨਾ ਮੁਕਾਬਲਿਆਂ ’ਚ ਸਿਖਰਲੀ ਖਿਡਾਰੀ ਈਗਾ ਸਵਿਆਤੇਕ ਨੇ ਮੀਂਹ ਨਾਲ ਪ੍ਰਭਾਵਤ ਵਿੰਬਲਡਨ ਦੇ ਪਹਿਲੇ ਦੌਰ ਦੇ ਇਕਪਾਸੜ ਮੈਚ ’ਚ ਚੀਨ ਦੀ ਝੂ ਲੀਨ ਨੂੰ ਮਾਤ ਦਿਤੀ। ਹੁਣ ਤਕ ਚਾਰ ਗਰੈਂਡ ਸਲੈਮ ਜਿੱਤ ਚੁੱਕੀ ਸਵਿਆਤੇਕ ਨੇ ਲੀਨ ਨੂੰ 6-1, 6-3 ਨਾਲ ਹਰਾ ਕੇ ਵਿੰਬਲਡਨ ’ਚ ਅਪਣਾ ਪਹਿਲਾ ਖਿਤਾਬ ਜਿੱਤਣ ਵਲ ਕਦਮ ਵਧਾਏ ਹਨ। ਫ਼ਰੈਂਚ ਓਪਨ ਦੀ ਮੌਜੂਦਾ ਚੈਂਪੀਅਨ ਨੇ ਕਿਹਾ ਕਿ ਉਹ ਇਸ ਵਾਰੀ ਵਿੰਬਲਡਨ ’ਚ ਬਿਹਤਰੀ ਤਿਆਰੀ ਨਾਲ ਪੁੱਜੀ ਹੈ। ਸਵਿਆਤੇਕ ਹੁਣ ਤਕ ਵਿੰਬਲਡਨ ਦੇ ਚੌਥੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਹੈ। 

ਇਸ ਤੋਂ ਇਲਾਵਾ ਸਾਲ 2019 ’ਚ ਸੈਮੀਫ਼ਾਈਨਲ ’ਚ ਪਹੁੰਚਣ ਵਾਲੀ ਬਾਰਬੋਰਾ ਸਟ੍ਰਾਈਕੋਵਾ ਇਸ ਸਾਲ ਸ਼ੁਰੂਆਤੀ ਦੌਰ ’ਚ ਜਿੱਤ ਦਰਜ ਕਰਨ ਵਾਲੀ ਪਹਿਲੀ ਖਿਡਾਰੀ ਬਣੀ। ਉਨ੍ਹਾਂ ਨੇ ਮਰੀਨਾ ਜਨੇਵਸਕਾ ਨੂੰ 6-1, 7-5 ਨਾਲ ਹਰਾਇਆ।