ਅਸੀਂ ਮਹਿਲਾ ਆਈ.ਪੀ.ਐਲ. ਦਾ ਵੀ ਆਯੋਜਨ ਕਰਾਂਗੇ : ਸੌਰਵ ਗਾਂਗੁਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਕਿ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਯੋਜਨ ਦੀ ਪੂਰੀ ਯੋਜਨਾ ਹੈ

Sourav Ganguly

ਨਵੀਂ ਦਿੱਲੀ, 2 ਅਗੱਸਤ : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਕਿ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਯੋਜਨ ਦੀ ਪੂਰੀ ਯੋਜਨਾ ਹੈ ਜਿਸ ਨਾਲ ਇਨ੍ਹਾਂ ਅਟਕਲਾਂ 'ਤੇ ਵਿਰਾਮ ਲਗਿਆ ਹੈ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਲਈ ਕੋਈ ਯੋਜਨਾ ਨਹੀਂ ਹੈ। ਮਹਿਲਾ ਆਈਪੀਐਲ ਨੂੰ ਚੈਲੇਂਜਰ ਲੜੀ ਵਜੋਂ ਜਾਣਿਆ ਜਾਂਦਾ ਹੈ।

ਭਾਰਤ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੁਰਸ਼ਾਂ ਦਾ ਆਈਪੀਐਲ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 8 ਜਾਂ 10 ਨਵੰਬਰ ਦੇ ਵਿਚਕਾਰ ਹੋਣਾ ਹੈ। ਬੀਸੀਸੀਆਈ ਮੁਖੀ ਦੇ ਅਨੁਸਾਰ, ਮਹਿਲਾ ਆਈਪੀਐਲ ਨੂੰ ਵੀ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਵੇਗਾ। ਐਤਵਾਰ ਨੂੰ ਆਈਪੀਐਲ ਗਵਰਨਿੰਗ ਕੌਂਸਲ ਦੀ ਬੈਠਕ ਤੋਂ ਪਹਿਲਾਂ, ਗਾਂਗੁਲੀ ਨੇ ਪੀਟੀਆਈ ਨੂੰ ਕਿਹਾ, “ਮੈਂ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਮਹਿਲਾ ਆਈਪੀਐਲ ਦੀ ਪੂਰੀ ਯੋਜਨਾ ਹੈ ਅਤੇ ਰਾਸ਼ਟਰੀ ਟੀਮ ਲਈ ਵੀ ਸਾਡੇ ਕੋਲ ਯੋਜਨਾ ਹੈ।'' ਬੀਸੀਸੀਆਈ ਦੇ ਪ੍ਰਧਾਨ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਲਾਜ਼ਮੀ ਬਰੇਕ ਤੋਂ ਛੋਟ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਹੈ।

ਗਾਂਗੁਲੀ ਨੇ ਮਹਿਲਾ ਆਈਪੀਐਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿਤੀ ਪਰ ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਹਿਲਾ ਚੈਲੇਂਜਰ ਦਾ ਆਯੋਜਨ ਪਿਛਲੇ ਸਾਲ ਦੀ ਤਰ੍ਹਾਂ ਹੀ ਆਈਪੀਐਲ ਦੇ ਅੰਤਮ ਪੜਾਵਾਂ ਵਿਚ ਹੋਵੇਗਾ। ਸੂਤਰਾਂ ਨੇ ਦਸਿਆ, 'ਮਹਿਲਾ ਚੈਲੇਂਜਰ ਸੀਰੀਜ਼ 1 ਤੋਂ 10 ਨਵੰਬਰ ਤਕ ਹੋਣ ਦੀ ਯੋਜਨਾ ਹੈ ਅਤੇ ਇਸ ਤੋਂ ਪਹਿਲਾਂ ਕੈਂਪ ਦਾ ਆਯੋਜਨ ਕੀਤਾ ਜਾ ਸਕਦਾ ਹੈ।' (ਪੀਟੀਆਈ)

ਮਿਤਾਲੀ ਨੇ ਗਾਂਗੁਲੀ ਦੇ ਫ਼ੈਸਲੇ ਦਾ ਕੀਤਾ ਸਵਾਗਤ
ਭਾਰਤੀ ਮਹਿਲਾ ਇਕ ਦਿਨਾਂ ਟੀਕ ਦੀ ਕਪਤਾਨ ਮਿਤਾਲੀ ਰਾਜ ਸਮੇਤ ਹੋਰ ਕ੍ਰਿਕਟਰਾਂ ਨੇ ਐਤਵਾਰ ਨੂੰ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਕਿ ਯੂਏਈ 'ਚ ਪੁਰੂਸ਼ ਆਈਪੀਐਲ ਦੌਰਾਨ ਮਹਿਲਾ ਆਈਪੀਐਲ ਦਾ ਆਯੋਜਨ ਵੀ ਹੋਵੇਗਾ। ਮਾਰਚ 'ਚ ਵਿਸ਼ਵ ਟੀ20 ਦੇ ਫ਼ਾਈਨਲ ਦੇ ਬਾਅਦ ਤੋਂ ਮਹਿਲਾ ਟੀਮ ਨੇ ਕੋਈ ਮੈਚ ਨਹੀਂ ਖੇਡਿਆ ਹੈ। ਸਿਰਫ਼ ਇਕ ਦਿਨਾਂ ਫਾਰਮੇਟ ਖੇਡਣ ਵਾਲੀ ਮਿਤਾਲੀ ਪਿਛਲੀ ਵਾਰ ਰਾਸ਼ਟਰੀ ਟੀਮ ਵਲੋਂ ਨਵੰਬਰ ਵਿਚ ਖੇਡੀ ਸੀ। ਗਾਂਗੁਲੀ ਦੇ ਐਲਾਨ ਦੇ ਬਾਅਦ ਹਾਲਾਂਕਿ ਕਿ ਕੁਝ ਚਿੰਤਾਵਾਂ ਘੱਟ ਹੋਈਆਂ ਹਨ।