ਭਾਰਤ-ਦੱਖਣੀ ਟੈਸਟ : ਭਾਰਤ ਨੇ 502 ਦੌੜਾਂ 'ਤੇ ਐਲਾਨੀ ਪਾਰੀ

ਏਜੰਸੀ

ਖ਼ਬਰਾਂ, ਖੇਡਾਂ

ਦਖਣੀ ਅਫ਼ਰੀਕਾ ਨੇ 39 ਦੌੜਾਂ 'ਤੇ ਗਵਾਈਆਂ ਤਿੰਨ ਵਿਕਟਾਂ

India vs South Africa 1st Test Day 2 : India declare at 502/7

ਵਿਸ਼ਾਖਾਪਟਨਮ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿਚ 39 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ 7 ਵਿਕਟਾਂ 'ਤੇ 502 ਦੌੜਾਂ ਬਣਾਉਣ ਤੋਂ ਬਾਅਦ ਐਲਾਨੀ। ਦੱਖਣੀ ਅਫਰੀਕਾ ਅਜੇ ਵੀ 463 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ 7 ਵਿਕਟਾਂ ਬਾਕੀ ਹਨ। ਡੀਨ ਏਲਗਰ 27 ਜਦਕਿ ਤੇਂਬਾ ਬਾਵੁਮਾ 2 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਵਲੋਂ 2 ਵਿਕਟਾਂ ਆਰ. ਅਸ਼ਵਿਨ ਜਦਕਿ 1 ਵਿਕਟ ਰਵਿੰਦਰ ਜਡੇਜਾ ਨੇ ਹਾਸਲ ਕੀਤੀ।

ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਅਤੇ ਰੋਹਿਤ ਸ਼ਰਮਾ ਨੇ ਖੇਡ ਨੂੰ ਅੱਗੇ ਵਧਾਇਆ। ਰੋਹਿਤ ਸ਼ਰਮਾ ਨੇ ਪਹਿਲੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ ਸੀ। ਉਹ ਕੇਸ਼ਵ ਮਹਾਰਾਜ ਦੀ ਗੇਂਦ 'ਤੇ 176 ਦੌੜਾਂ ਬਣਾ ਕੇ ਡੀ ਕੌਕ ਹੱਥੋਂ ਸਟੰਪ ਆਊਟ ਹੋ ਗਿਆ ਅਤੇ ਦੁਹਰੇ ਸੈਂਕੜੇ ਤੋਂ ਖੁੰਝ ਗਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਸਿਰਫ 6 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਵੀ 20 ਦੌੜਾਂ ਹੀ ਬਣਾ ਸਕੇ। ਇਸ ਦੌਰਾਨ ਮਯੰਕ ਅਗਰਵਾਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖੀ ਅਤੇ ਆਪਣੇ ਕਰੀਅਰ ਦਾ ਪਹਿਲਾ ਕੌਮਾਂਤਰੀ ਦੋਹਰਾ ਸੈਂਕੜਾ ਪੂਰਾ ਕੀਤਾ।

ਮਯੰਕ ਨੇ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ ਪਰ ਬਾਅਦ 'ਚ 215 ਦੌੜਾਂ ਦੇ ਨਿੱਜੀ ਸਕੋਰ 'ਤੇ ਐਲਗਰ ਦੀ ਗੇਂਦ 'ਤੇ ਡੇਨ ਪੀਟ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਹਨੁਮਾ ਵਿਹਾਰੀ ਸਸਤੇ 'ਚ ਆਊਟ ਹੋਏ। ਉਹ ਸਿਰਫ 10 ਦੌੜਾਂ ਹੀ ਬਣਾ ਸਕੇ। ਬਤੌਰ ਵਿਕਟਕੀਪਰ ਬੱਲੇਬਾਜ਼ ਇਸ ਮੈਚ ਵਿਚ ਖੇਡ ਰਹੇ ਰਿੱਧੀਮਾਨ ਸਾਹਾ ਵੀ ਕੁਝ ਖਾਸ ਨਾ ਕਰ ਸਕੇ ਅਤੇ 21 ਦੌੜਾਂ ਬਣਾ ਡੇਨ ਪੀਟ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਪਹਿਲੇ ਦਿਨ ਤੀਜੇ ਸੈਸ਼ਨ ਦੀ ਖੇਡ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਸੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ ਬਿਨਾ ਵਿਕਟ ਗੁਆਏ 202 ਦੌੜਾਂ ਬਣਾਈਆਂ ਸਨ।

ਰੋਹਿਤ-ਮਯੰਕ ਦੀ ਸਾਝੇਦਾਰੀ ਨੇ ਤੋੜਿਆ 12 ਸਾਲ ਪੁਰਾਣਾ ਰਿਕਾਰਡ :
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੁਕਾਬਲੇ ਵਿਚ ਜਿੱਥੇ ਰੋਹਿਤ ਨੇ ਬਤੌਰ ਸਲਾਮੀ ਬੱਲੇਬਾਜ਼ ਟੈਸਟ ਵਿਚ ਡੈਬਿਊ ਕਰ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ, ਉੱਥੇ ਹੀ ਪਹਿਲੀ ਵਿਕਟ ਲਈ ਦੋਵਾਂ ਵਿਚਾਲੇ ਹੋਈ 317 ਦੌੜਾਂ ਦੀ ਸਾਂਝੇਦਾਰੀ ਨੇ ਵੀ ਕਈ ਰਿਕਾਰਡ ਤੋੜ ਦਿਤੇ। ਮੈਚ ਦੇ ਦੂਜੇ ਦਿਨ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਦੀ ਸਾਂਝੇਦਾਰੀ ਨੇ ਇਤਿਹਾਸ ਰਚ ਦਿਤਾ ਹੈ। ਦੱਖਣੀ ਅਫ਼ਰੀਕਾ ਵਿਰੁਧ ਟੈਸਟ ਮੈਚ ਵਿਚ ਭਾਰਤ ਵਲੋਂ ਦੋਵਾਂ ਨੇ ਕਿਸੇ ਵੀ ਵਿਕਟ ਲਈ ਹੋਈ ਸਭ ਤੋਂ ਵੱਡੀ ਸਾਂਝੇਦਾਰੀ ਨਿਭਾਈ। ਵਰਿੰਦਰ ਸਹਿਵਾਗ ਅਤੇ ਰਾਹੁਲ ਦ੍ਰਾਵਿੜ ਦਾ 12 ਸਾਲ ਪੁਰਾਣਾ ਰਿਕਾਰਡ ਤੋੜ ਦਿਤਾ ਹੈ। ਇਸ ਤੋਂ ਪਹਿਲਾਂ ਭਾਰਤ ਵਲੋਂ ਦੱਖਣੀ ਅਫਰੀਕਾ ਵਿਰੁਧ ਟੈਸਟ ਵਿਚ ਸਭ ਤੋਂ ਵੱਡੀ ਸਾਂਝੇਦਾਰੀ ਦੇ ਰੂਪ 'ਚ 2007-08 ਵਿਚ ਵਰਿੰਦਰ ਸਹਿਵਾਗ ਅਤੇ ਰਾਹੁਲ ਦ੍ਰਾਵਿੜ ਨੇ ਦੂਜੇ ਵਿਕਟ ਲਈ 268 ਦੌੜਾਂ ਬਣਾਈਆਂ ਸਨ।

ਮਯੰਕ ਅਗਰਵਾਲ ਨੇ ਬਣਾਇਆ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ :
ਨਵੀਂ ਦਿੱਲੀ, 3 ਅਕਤੂਬਰ : ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਟੈਸਟ ਕਰੀਅਰ ਦਾ ਆਪਣਾ ਪਹਿਲਾ ਸੈਂਕੜਾ ਲਗਾਇਆ। ਮਯੰਕ ਅਗਰਵਾਲ ਭਾਰਤ 'ਚ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹਨ। ਪਹਿਲੇ ਹੀ ਘਰੇਲੂ ਟੈਸਟ ਮੈਚ 'ਚ ਸੈਂਕੜਾ ਲਾ ਦਿਤਾ ਹੈ। ਹੁਣ ਤੱਕ ਅਰਧ ਸੈਂਕੜਿਆਂ ਬਦੌਲਤ ਟੈਸਟ ਕ੍ਰਿਕਟ 'ਚ ਲਗਾਤਾਰ ਖੇਡਦੇ ਹੋਏ ਮਯੰਕ ਹੁਣ ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਆ ਗਏ ਹਨ। ਮਯੰਕ ਅਗਰਵਾਲ ਨੇ ਇਸ ਮੈਚ 'ਚ ਪ੍ਰੋਟਿਆਜ਼ ਟੀਮ ਵਿਰੁਧ 204 ਗੇਂਦਾਂ 'ਚ 13 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ ਹੈ। ਮਯੰਕ ਅਗਰਵਾਲ ਇਸ ਤੋਂ ਪਹਿਲਾਂ ਤਿੰਨ ਅਰਧ ਸੈਂਕੜੇ ਲਾ ਚੁੱਕੇ ਹਨ। ਆਪਣੇ ਡੈਬਿਊ ਮੈਚ 'ਚ ਆਸਟਰੇਲੀਆ ਖ਼ਿਲਾਫ਼ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ।