ਟੀ20 ਵਿਸ਼ਵ ਕੱਪ 2020 ਲਈ 16 ਟੀਮਾਂ ਤੈਅ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦਾ ਪਹਿਲਾ ਮੁਕਾਬਲਾ ਦੱਖਣ ਅਫ਼ਰੀਕਾ ਨਾਲ

Final fixtures for ICC Men's T20 World Cup announced

ਨਵੀਂ ਦਿੱਲੀ : ਆਸਟ੍ਰੇਲੀਆ 'ਚ ਅਗਲੇ ਸਾਲ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ 16 ਟੀਮਾਂ ਤੈਅ ਹੋ ਗਈਆਂ ਹਨ। ਟੂਰਨਾਮੈਂਟ ਲਈ ਆਇਰਲੈਂਡ, ਨਾਮੀਬੀਆ, ਨੀਦਰਲੈਂਡ, ਓਮਾਨ, ਪਾਪੁਆ ਨਿਊ ਗਿਨੀ ਅਤੇ ਸਕਾਟਲੈਂਡ ਨੇ ਕੁਆਲੀਫ਼ਾਈ ਕਰ ਲਿਆ ਹੈ। ਇਹ ਸਾਰੀਆਂ ਟੀਮਾਂ ਸ੍ਰੀਲੰਕਾ-ਬੰਗਲਾਦੇਸ਼ ਦੇ ਨਾਲ ਦੋ ਗਰੁੱਪਾਂ 'ਚ ਪਹਿਲੇ ਰਾਊਂਡ ਦੇ ਮੈਚ ਖੇਡਣਗੀਆਂ। ਇਨ੍ਹਾਂ 'ਚੋਂ ਟਾਪ ਚਾਰ ਟੀਮਾਂ ਸੁਪਰ-12 'ਚ ਪਹੁੰਚਣਗੀਆਂ। ਇਹ ਟੂਰਨਾਮੈਂਟ ਅਗਲੇ ਸਾਲ 18 ਅਕਤੂਬਰ ਤੋਂ 15 ਨਵੰਬਰ ਤਕ ਆਸਟ੍ਰੇਲੀਆ 'ਚ ਖੇਡਿਆ ਜਾਵੇਗਾ। ਇਸ 'ਚ ਭਾਰਤ ਦਾ ਪਹਿਲਾ ਮੁਕਾਬਲਾ ਦੱਖਣ ਅਫ਼ਰੀਕਾ ਨਾਲ 20 ਅਕਤੂਬਰ ਨੂੰ ਪਰਥ 'ਚ ਹੋਵੇਗਾ।

ਪਹਿਲੇ ਰਾਊਂਡ ਲਈ ਗਰੁੱਪ-ਏ ਵਿਚ ਸ੍ਰੀਲੰਕਾ ਦੇ ਨਾਲ ਪਾਪੁਆ ਨਿਊ ਗਿਨੀ, ਆਇਰਲੈਂਡ ਅਤੇ ਓਮਾਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਮੈਚ 18 ਤੋਂ 22 ਅਕਤੂਬਰ ਤਕ ਜਿਲਾਂਗ ਸ਼ਹਿਰ 'ਚ ਖੇਡੇ ਜਾਣਗੇ। ਨੀਦਰਲੈਂਡ, ਨਾਮੀਬੀਆ ਅਤੇ ਸਕਾਟਲੈਂਡ ਨੂੰ ਬੰਗਲਾਦੇਸ਼ ਨਾਲ ਗਰੁੱਪ-ਬੀ 'ਚ ਰੱਖਿਆ ਗਿਆ ਹੈ। ਇਨ੍ਹਾਂ ਸਾਰਿਆਂ ਦੇ ਮੈਚ 19 ਤੋਂ 23 ਅਕਤੂਬਰ 2020 ਤਕ ਹੋਬਾਰਟ 'ਚ ਖੇਡੇ ਜਾਣਗੇ। ਟੂਰਨਾਮੈਂਟ ਦਾ ਓਪਨਿੰਗ ਮੈਚ ਸ੍ਰੀਲੰਕਾ ਅਤੇ ਆਇਰਲੈਂਡ ਵਿਚਕਾਰ ਕਾਰਦੀਨਿਆ ਪਾਰਟ ਸਟੇਡੀਅਮ 'ਚ ਖੇਡਿਆ ਜਾਵੇਗਾ।

ਪਹਿਲੇ ਰਾਊਂਡ ਤੋਂ ਬਾਅਦ ਗਰੁੱਪ-ਏ ਦੀ ਟਾਪ ਟੀਮ ਅਤੇ ਗਰੁੱਪ-ਬੀ ਦੀ ਦੂਜੇ ਨੰਬਰ ਦੀ ਟੀਮ ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਨਾਲ ਗਰੁੱਪ-1 'ਚ ਸ਼ਾਮਲ ਹੋਵੇਗੀ। ਜਦਕਿ ਗਰੁੱਪ-ਬੀ ਦੀ ਟਾਪ ਟੀਮ ਅਤੇ ਗਰੁੱਪ-ਏ ਦੀ ਦੂਜੇ ਨੰਬਰ ਦੀ ਟੀਮ ਭਾਰਤ, ਇੰਗਲੈਂਡ, ਦੱਖਣ ਅਫ਼ਰੀਕਾ ਅਤੇ ਅਫ਼ਗ਼ਾਨਿਸਤਾਨ ਨਾਲ ਗਰੁੱਪ-2 'ਚ ਰਹੇਗੀ। ਇਨ੍ਹਾਂ ਸਾਰਿਆਂ ਵਿਚਕਾਰ ਸੁਪਰ-12 ਦੇ ਮੈਚ ਖੇਡੇ ਜਾਣਗੇ। ਦੋਵੇਂ ਗਰੁੱਪਾਂ 'ਚੋਂ ਦੋ-ਦੋ ਟੀਮਾਂ ਸੈਮੀਫ਼ਾਈਨਲ ਖੇਡਣਗੀਆਂ। ਟੂਰਨਾਮੈਂਟ ਦਾ ਫ਼ਾਈਨਲ 15 ਨਵੰਬਰ 2020 ਨੂੰ ਮੈਲਬਰਨ 'ਚ ਖੇਡਿਆ ਜਾਵੇਗਾ। ਮੇਜ਼ਬਾਨ ਆਸਟ੍ਰੇਲੀਆ ਆਪਣਾ ਪਹਿਲਾ ਮੈਚ ਪਾਕਿਸਤਾਨ ਵਿਰੁਧ ਸਿਡਨੀ 'ਚ 24 ਅਕਤੂਬਰ 2020 ਨੂੰ ਖੇਡੇਗੀ।