Women's ODI World Cup: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਜਿੱਤਿਆ ਮਹਿਲਾ ਵਨਡੇ ਵਿਸ਼ਵ ਕੱਪ
Women's ODI World Cup: ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾਇਆ, ਸ਼ੈਫਾਲੀ ਵਰਮਾ ਨੇ ਲਈਆਂ ਦੋ ਟਿਕਟਾਂ, ਬਣੇ 'ਪਲੇਅਰ ਆਫ਼ ਦ ਫਾਈਨਲ'
47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਭਾਰਤੀ ਮਹਿਲਾ ਟੀਮ ਨੇ ਆਖਰਕਾਰ ਇਤਿਹਾਸ ਰਚ ਦਿੱਤਾ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਫ਼ਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤਿਆ।
21 ਸਾਲਾ ਸ਼ੈਫਾਲੀ ਵਰਮਾ, ਜਿਸ ਨੇ 87 ਦੌੜਾਂ ਬਣਾਈਆਂ ਅਤੇ ਦੋ ਮਹੱਤਵਪੂਰਨ ਵਿਕਟਾਂ ਲਈਆਂ, ਨੂੰ ਪਲੇਅਰ ਆਫ਼ ਦ ਫਾਈਨਲ ਐਲਾਨਿਆ ਗਿਆ।
ਦੱਖਣੀ ਅਫਰੀਕਾ ਨੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ 7 ਵਿਕਟਾਂ 'ਤੇ 298 ਦੌੜਾਂ ਬਣਾਈਆਂ। ਸ਼ੈਫਾਲੀ ਨੇ 87, ਦੀਪਤੀ ਸ਼ਰਮਾ ਨੇ 58, ਸਮ੍ਰਿਤੀ ਮੰਧਾਨਾ ਨੇ 45 ਅਤੇ ਰਿਚਾ ਘੋਸ਼ ਨੇ 34 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਅਯਾਬੋਂਗਾ ਖਾਕਾ ਨੇ ਤਿੰਨ ਵਿਕਟਾਂ ਲਈਆਂ।
ਵੱਡੇ ਟੀਚੇ ਦਾ ਸਾਹਮਣਾ ਕਰਦਿਆਂ, ਦੱਖਣੀ ਅਫ਼ਰੀਕਾ 246 ਦੌੜਾਂ 'ਤੇ ਆਲ ਆਊਟ ਹੋ ਗਿਆ। ਕਪਤਾਨ ਲੌਰਾ ਵੋਲਵਾਰਡਟ ਨੇ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਇਆ ਪਰ ਆਪਣੀ ਟੀਮ ਨੂੰ ਜਿੱਤ ਵੱਲ ਲੈ ਜਾਣ ਤੋਂ ਪਹਿਲਾਂ ਹੀ ਉਹ ਆਊਟ ਹੋ ਗਈ। ਭਾਰਤ ਦੀ ਪਾਰਟ-ਟਾਈਮ ਆਫ-ਸਪਿਨਰ, ਸ਼ੈਫਾਲੀ ਵਰਮਾ ਨੇ ਦੋ ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ। ਇਸ ਦੌਰਾਨ, ਦੀਪਤੀ ਸ਼ਰਮਾ ਨੇ ਪੰਜ ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।