ਇਟਲੀ ਦੇ ਅਨਾਦੇਲੋ ਵਿਖੇ ਗੋਲਡੀ ਧਾਰੀਵਾਲ ਕਲੱਬ ਵੱਲੋਂ ਕਰਵਾਇਆ ਵਾਲੀਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ
ਪ੍ਰਬੰਧਕਾਂ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਕੀਤੇ ਗਏ ਸਨ ਸੁਚੱਜੇ ਪ੍ਰਬੰਧ
ਇਟਲੀ (ਦਲਜੀਤ ਮੱਕੜ) ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਗੋਲਡੀ ਧਾਰੀਵਾਲ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਇਟਲੀ ਦੇ ਅਨਾਦੇਲੋ ਵਿਖੇ ਕਰਵਾਇਆ ਗਿਆ। ਜਿਸ ਵਿੱਚ ਇਟਲੀ ਭਰ ਤੋਂ 10 ਟੀਮਾਂ ਨੇ ਭਾਗ ਲਿਆ। ਇਟਲੀ ਦੇ ਵੱਖ-ਵੱਖ ਖੇਤਰਾਂ ਤੋਂ ਦਰਸ਼ਕ ਇਸ ਟੂਰਨਾਮੈਂਟ ਨੂੰ ਦੇਖਣ ਲਈ ਪੁੱਜੇ।
ਪ੍ਰਬੰਧਕਾਂ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਸ ਟੂਰਨਾਮੈਂਟ ਵਿਚ ਕਾਫ਼ੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫ਼ਾਈਨਲ ਮੁਕਾਬਲਾ 1984 ਬੈਰਗਮੋ ਸਪੋਰਟਸ ਕਲੱਬ ਅਤੇ ਚੜਦੀਕਲਾ ਸਪੋਰਟਸ ਕਲੱਬ ਲੇਨੋ ਦੀ ਟੀਮ ਵਿਚ ਹੋਇਆ। ਜਿਸ ਵਿੱਚ 1984 ਬੈਰਗਮੋ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਦੇ ਝੰਡੇ ਗੱਡੇ ਅਤੇ ਟੂਰਨਾਮੈਂਟ ਦਾ ਪਹਿਲਾ ਇਨਾਮ 1100 ਯੂਰੋ ਅਤੇ ਕੱਪ ਪ੍ਰਾਪਤ ਕੀਤਾ।
ਜੋ ਕਿ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਸ. ਰਜਿੰਦਰ ਸਿੰਘ ਰੰਮੀ ਅਤੇ ਹੋਰਨਾਂ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ। ਦੂਸਰੇ ਸਥਾਨ ਲੇਨੋ ਦੀ ਟੀਮ ਨੇ 800 ਯੂਰੋ ਅਤੇ ਕੱਪ ਪ੍ਰਾਪਤ ਕੀਤਾ। ਜੋ ਕਿ ਸਤਨਾਮ ਗਿੱਲ ਅਤੇ ਕਰਮਜੀਤ ਸਿੰਘ ਨਾਗਰੀ ਵੱਲੋਂ ਦਿੱਤਾ ਗਿਆ। ਖਿਡਾਰੀਆ ਅਤੇ ਸਪੋਟਰਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਭੰਗੜੇ ਪਾਏ, ਉੱਥੇ ਹੀ ਗੋਲਡੀ ਧਾਰੀਵਾਲ, ਗੁਰਮੀਤ ਸਿੰਘ, ਸੁਚੇਤ ਸਿੰਘ ਬਾਜਵਾ ਅਤੇ ਸਾਥੀਆ ਵੱਲੋਂ ਟੂਰਨਾਂਮੈਂਟ ਦੀ ਸਫਲਤਾ ਦੀ ਖੁਸ਼ੀ ਵਿੱਚ ਆਤਿਸ਼ਬਾਜੀ ਚਲਾਈ ਗਈ।
ਇਸ ਟੂਰਨਾਂਮੈਂਟ ਨੂੰ ਸਫ਼ਲ ਕਰਵਾਉਣ ਲਈ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੀ ਪ੍ਰਬੰਧਕ ਕਮੇਟੀ ਅਤੇ ਇਟਾਲੀਅਨ ਕਬੱਡੀ ਫੈਡਰੈਸ਼ਨ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਗੋਲਡੀ ਧਾਰੀਵਾਲ ਕਲੱਬ ਵੱਲੋਂ ਆਏ ਸਾਰੇ ਪ੍ਰਮੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਟੂਰਨਾਂਮੈਂਟ ਦੀ ਸਮਾਪਤੀ 'ਤੇ ਗੱਲਬਾਤ ਕਰਦਿਆਂ ਗੋਲਡੀ ਧਾਰੀਵਾਲ (ਮਾਜਰੀ ਸੋਡੀਆਂ,ਫਤਹਿਗੜ ਸਾਹਿਬ) ਨੇ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਗੋਂ ਵੀ ਗੋਲਡੀ ਧਾਰੀਵਾਲ ਕਲੱਬ ਦੇ ਬੈਨਰ ਹੇਠ ਵੱਡੇ ਟੂਰਨਾਂਮੈਂਟ ਕਰਵਾਉਣਗੇ।