ਜਰਮਨਪ੍ਰੀਤ ਸਿੰਘ ਨੂੰ ਅਰਜੁਨ ਐਵਾਰਡ ਦਿਤਾ ਜਾ ਰਿਹਾ
ਪਿਤਾ ਬੋਲੇ, ਬਚਪਨ ’ਚ ਸ਼ੌਕ-ਸ਼ੌਕ ’ਚ ਪੁੱਤ ਨੂੰ ਹਾਕੀ ਲੈ ਕੇ ਦਿਤੀ ਸੀ ਉਸ ਨੇ ਅੱਜ ਤਕ ਨਹੀਂ ਛੱਡੀ
ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਇਕ ਹਾਕੀ ਖਿਡਾਰੀ ਦਾ ਜਿਸ ਨੇ ਆਪਣੇ ਦੇਸ਼ ਤੇ ਮਾਪਿਆਂ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ। ਜਿਸ ਨੇ ਆਪਣੇ ਦਮ ’ਤੇ ਕਈ ਟੂਰਨਾਮੈਂਟ ਭਾਰਤ ਨੂੰ ਜਿਤਾਏ ਹਨ। ਜਿਸ ਨੂੰ ਅਸੀਂ ਜਰਮਨਪ੍ਰੀਤ ਸਿੰਘ ਦੇ ਨਾਂ ਨਾਲ ਜਾਣਦੇ ਹਾਂ। ਜੋ ਉਲੰਪਿਕ ’ਚ ਖੇਡੇ ਗਏ ਮੈਚਾਂ ਦੌਰਾਨ ਭਾਰਤੀ ਹਾਕੀ ਟੀਮ ਦਾ ਹਿੱਸਾ ਸੀ ਤੇ ਡੀਫ਼ੈਸ ’ਤੇ ਖੇਡਦੇ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਅੱਜ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਘਰ ਪੁੱਜੀ ਜਿਸ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਜੋ ਕਿ ਜਰਮਨਪ੍ਰੀਤ ਦੇ ਮਾਂ-ਬਾਪ, ਪੰਜਾਬ ਤੇ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਗੱਲਬਾਤ ਕਰਦੇ ਹੋਏ ਜਰਮਨਪ੍ਰੀਤ ਸਿੰਘ ਦੇ ਪਿਤਾ ਨੇ ਦਸਿਆ ਕਿ ਜਦੋਂ ਸਾਨੂੰ ਪਤਾ ਲਗਿਆ ਕਿ ਜਰਮਨਪ੍ਰੀਤ ਨੂੰ ਅਰਜੁਨ ਐਵਾਰਡ ਦਿਤਾ ਜਾ ਰਿਹਾ ਹੈ ਤਾਂ ਸਾਡੇ ਸਾਰੇ ਪਰਵਾਰ ਬਹੁਤ ਖ਼ੁਸ਼ੀ ਹੋਈ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ।
ਉਨ੍ਹਾਂ ਦਸਿਆ ਕਿ ਸਾਡੀ ਜਰਮਨਪ੍ਰੀਤ ਨਾਲ ਵੀ ਗੱਲ ਹੋਈ ਸੀ ਉਹ ਵੀ ਅਰਜੁਨ ਐਵਾਰਡ ਮਿਲਣ ’ਤੇ ਬਹੁਤ ਖ਼ੁਸ਼ ਹੈ। ਉਨ੍ਹਾਂ ਦਸਿਆ ਕਿ ਜਰਮਨ ਚੌਥੀ-ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਖ਼ਾਲਸਾ ਕਾਲਜ ਮਹਿਤਾ ਚੌਕ ’ਚ ਉਥੇ ਇਨ੍ਹਾਂ ਦਾ ਕੋਚ ਬਲਜਿੰਦਰ ਸਿੰਘ ਸੀ ਜੋ ਜਰਮਨ ਨੂੰ ਕਲਾਸ ’ਚੋਂ ਉਠਾ ਕੇ ਲੈ ਗਿਆ ਤੇ ਕਹਿਣ ਲੱਗਾ ਤੂੰ ਹਾਕੀ ਖੇਡਿਆ ਕਰ ਤੇ ਉਦੋਂ ਹੀ ਜਰਮਨ ਨੇ ਮੈਨੂੰ ਆ ਕੇ ਕਿਹਾ ਕਿ ਡੈਡੀ ਜੀ ਮੈਂ ਹਾਕੀ ਖੇਡਿਆ ਕਰਨੀ ਹੈ ਤੇ ਮੈਂ ਉਸ ਨੂੰ ਉਨ੍ਹਾਂ ਸਮਿਆਂ ਵਿਚ 100 ਰੁਪਏ ਦੀ ਹਾਕੀ ਲਿਆ ਕੇ ਦੇ ਦਿਤੀ ਤੇ ਜਰਮਨਪ੍ਰੀਤ ਨੇ ਇਹੋ ਜਿਹੀ ਉਹ ਹਾਕੀ ਫੜੀ ਜੋ ਅੱਜ ਤੱਕ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਪਿੰਡ ਜਾਂ ਨੇੜੇ ਤੇੜੇ ਪਹਿਲਾਂ ਕੋਈ ਹਾਕੀ ਖਿਡਾਰੀ ਨਹੀਂ ਹੈ ਤੇ ਨਾ ਹੀ ਕੋਈ ਗਰਾਊਂਡ ਹੈ। ਉਨ੍ਹਾਂ ਕਿਹਾ ਕਿ ਜਰਮਨ ਆਪਣੀ ਪ੍ਰੈਕਟਿਸ ਕਰਨ ਆਪਣੇ ਪਿੰਡ ਤੋਂ 7-8 ਕਿਲੋਮੀਟਰ ਸਾਈਕਲ ਉਤੇ ਹੀ ਜਾਂਦਾ ਸੀ। ਉਨ੍ਹਾਂ ਦਸਿਆ ਕਿ ਇਕ ਵਾਰ ਜਰਮਨ ਦੋ ਤਿੰਨ ਮਹੀਨਿਆਂ ਲਈ ਆਸਟ੍ਰੇਲੀਆ ਖੇਡਣ ਗਿਆ ਸੀ ਜਿੱਥੇ ਉਸ ਨੂੰ ਆਫ਼ਰ ਕੀਤਾ ਗਿਆ ਸੀ ਕਿ ਉਹ ਆਸਟ੍ਰੇਲੀਆ ਵਲੋਂ ਖੇਡੇ ਤੇ ਉਸ ਹਰ ਸਹੂਲਤ ਦਿਤੀ ਜਾਵੇਗੀ।
ਮੈਂ ਵੀ ਉਸ ਨਾਲ ਸਹਿਮਤ ਸੀ ਪਰ ਉਸ ਨੇ ਇਹ ਗੱਲ ਆਪਣੀ ਮਾਤਾ ਜੀ ਨਾਲ ਸਾਂਝੀ ਕੀਤੀ ਤੇ ਕਿਹਾ ਮੈਂ ਆਪਣੇ ਦੇਸ਼ ਲਈ ਖੇਡਣਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਮੈਨੂੰ ਆਪਣੇ ਦੇਸ਼ ਲਈ ਖੇਡ ਕੇ ਜ਼ਿਆਦਾ ਖ਼ੁਸ਼ੀ ਮਿਲੇਗੀ। ਜਰਮਨਪ੍ਰੀਤ ਸਿੰਘ ਦੇ ਚਾਚੇ ਨੇ ਕਿਹਾ ਕਿ ਜਰਮਨ ਦਾ ਸੁਭਾਅ ਬਹੁਤ ਚੰਗਾ ਹੈ ਤੇ ਇਹ ਸਾਡੇ ਤੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਅਰਜੁਨ ਐਵਾਰਡ ਮਿਲ ਰਿਹਾ ਹੈ।