ਕਿਸਾਨ ਅੰਦੋਲਨ ਦੀ ਹਮਾਇਤ 'ਚ ਨਿਤਰੇ ਅਮਰੀਕੀ ਖਿਡਾਰੀ, ਮਦਦ ਲਈ ਦਿੱਤੇ 10 ਹਜ਼ਾਰ ਡਾਲਰ
ਇਸ ਨਾਲ ਉਹ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨਗੇ
ਨਵੀਂ ਦਿੱਲੀ - ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨ ਅੰਦੋਲਨ ਨੂੰ ਹੁਣ 70 ਦਿਨ ਮੁਕੰਮਲ ਹੋ ਚੁੱਕੇ ਹਨ ਤੇ ਅੱਜ 71ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਾਲੇ ਵੀ ਡਟੇ ਹੋਏ ਹਨ। ਖੇਤੀ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਪਹਿਚਾਣ ਮਿਲਣ ਲੱਗੀ ਹੈ। ਅੰਤਰਰਾਸ਼ਟਰੀ ਹਸਤੀਆਂ ਵਿਚਕਾਰ ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ (ਐਨ.ਐਫ.ਐਲ.) ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸੁਸ਼ਟਰ ਨੇ ਅੰਦੋਲਨਕਾਰੀ ਕਿਸਾਨਾਂ ਲਈ 10 ਹਜ਼ਾਰ ਡਾਲਰ ਦਾਨ ਵਿਚ ਦਿੱਤੇ ਹਨ।
ਇਸ ਸਬੰਧੀ ਉਨ੍ਹਾਂ ਨੇ ਸੰਘਰਸ਼ਕਾਰੀ ਕਿਸਾਨਾਂ ਦੀ ਫ਼ੋਟੋ ਸਮੇਤ ਟਵੀਟ ਕਰਕੇ ਜਾਣਕਾਰੀ ਦਿੱਤੀ। ਫ਼ੁਟਬਾਲ ਖਿਡਾਰੀ ਨੇ ਟਵਿਟਰ ਉੱਤੇ ਰਕਮ ਦਾਨ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ, 'ਇਸ ਨਾਲ ਉਹ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨਗੇ। ਹੋ ਸਕਦਾ ਹੈ ਕਿ ਇਸ ਮਦਦ ਨਾਲ ਹੋਰ ਧਰਨਾਕਾਰੀ ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਚਾਅ ਹੋ ਸਕੇ।’
ਜ਼ਿਕਰਯੋਗ ਹੈ ਕਿ ਜੁਜੂ ਸਮਿੱਥ ਸ਼ੁਸਟਰ ਦੇ ਨਾਂ ਉੱਤੇ NFL ਦੇ ਕਈ ਰਿਕਾਰਡ ਹਨ। ਉਹ ਸਭ ਤੋਂ ਛੋਟੀ ਉਮਰੇ ਅਜਿਹੇ ਮਾਣ-ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਕੋਲ ਕਈ ਸਟੀਲਰਜ਼ ਫ਼੍ਰੈਂਚਾਈਜ਼ ਰਿਕਾਰਡ ਹਨ।