ਭਾਰਤ ਨੇ ਵਿਸ਼ਵ ਗਰੁੱਪ-1 ’ਚ ਜਗ੍ਹਾ ਬਣਾਈ, ਪਾਕਿਸਤਾਨ ਵਿਰੁਧ 3-0 ਨਾਲ ਅੱਗੇ

ਏਜੰਸੀ

ਖ਼ਬਰਾਂ, ਖੇਡਾਂ

ਪਾਕਿਸਤਾਨ ਨੇ ਡਬਲਜ਼ ਮੈਚ ਲਈ ਬਰਕਤ ਉਲਾਹ ਦੀ ਥਾਂ ਅਕੀਲ ਨੂੰ ਟੀਮ ’ਚ ਸ਼ਾਮਲ ਕੀਤਾ ਕਿਉਂਕਿ ਉਹ ਕਰੋ ਜਾਂ ਮਰੋ ਦੇ ਮੈਚ ’ਚ ਤਜਰਬੇਕਾਰ ਖਿਡਾਰੀ ਚਾਹੁੰਦੇ ਸਨ।

File Photo

ਇਸਲਾਮਾਬਾਦ, : ਯੁਕੀ ਭਾਮਬਰੀ ਅਤੇ ਸਾਕੇਤ ਮਾਈਨੇਨੀ ਦੀ ਜੋੜੀ ਨੇ ਡਬਲਜ਼ ਜਿੱਤ ਨਾਲ ਭਾਰਤ ਪਲੇਆਫ ’ਚ 3-0 ਨਾਲ ਅੱਗੇ ਹੋ ਗਿਆ ਹੈ ਅਤੇ ਭਾਰਤੀ ਡੇਵਿਸ ਕੱਪ ਟੈਨਿਸ ਟੀਮ ਨੇ 60 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਕਰ ਕੇ ਵਿਸ਼ਵ ਗਰੁੱਪ-1 ’ਚ ਜਗ੍ਹਾ ਪੱਕੀ ਕਰ ਲਈ। ਸਨਿਚਰਵਾਰ ਨੂੰ 2-0 ਦੀ ਲੀਡ ਲੈਣ ਤੋਂ ਬਾਅਦ ਯੁਕੀ ਅਤੇ ਸਾਕੇਤ ਨੇ ਐਤਵਾਰ ਨੂੰ ਮੇਜ਼ਬਾਨ ਮੁਜ਼ੰਮਿਲ ਮੁਰਤਜ਼ਾ ਅਤੇ ਅਕੀਲ ਖਾਨ ਨੂੰ 6-2, 7-6 (5) ਨਾਲ ਹਰਾ ਕੇ ਮੈਚ ’ਚ ਪਾਕਿਸਤਾਨ ’ਤੇ ਭਾਰਤ ਦਾ ਦਬਦਬਾ ਬਰਕਰਾਰ ਰੱਖਿਆ।

ਪਾਕਿਸਤਾਨ ਨੇ ਡਬਲਜ਼ ਮੈਚ ਲਈ ਬਰਕਤ ਉਲਾਹ ਦੀ ਥਾਂ ਅਕੀਲ ਨੂੰ ਟੀਮ ’ਚ ਸ਼ਾਮਲ ਕੀਤਾ ਕਿਉਂਕਿ ਉਹ ਕਰੋ ਜਾਂ ਮਰੋ ਦੇ ਮੈਚ ’ਚ ਤਜਰਬੇਕਾਰ ਖਿਡਾਰੀ ਚਾਹੁੰਦੇ ਸਨ। ਇਸ ਮੈਚ ’ਚ ਹਾਰ ਨਾਲ ਭਾਰਤ ਦੀ ਜਿੱਤ ਤੈਅ ਕਰਦੀ। ਯੁਕੀ ਅਤੇ ਸਾਕੇਤ ਨੇ ਹਾਲਾਂਕਿ ਮੇਜ਼ਬਾਨ ਜੋੜੀ ਨੂੰ ਕੋਈ ਮੌਕਾ ਨਹੀਂ ਦਿਤਾ ਅਤੇ ਇਸ ਮੈਚ ’ਚ ਦੋਹਾਂ ਟੀਮਾਂ ’ਚ ਫਰਕ ਸਾਫ ਨਜ਼ਰ ਆਇਆ। 

ਟੈਨਿਸ ਦੇ ਵਿਸ਼ਵ ਕੱਪ ਵਜੋਂ ਜਾਣੇ ਜਾਂਦੇ ਇਸ ਟੂਰਨਾਮੈਂਟ ’ਚ ਭਾਰਤ ਦੀ ਪਾਕਿਸਤਾਨ ਵਿਰੁਧ ਅੱਠ ਮੁਕਾਬਲਿਆਂ ’ਚ ਇਹ ਅੱਠਵੀਂ ਜਿੱਤ ਸੀ। ਭਾਰਤ ਹੁਣ ਸਤੰਬਰ ਵਿਚ ਵਿਸ਼ਵ ਗਰੁੱਪ ਇਕ ਵਿਚ ਹਿੱਸਾ ਲਵੇਗਾ ਜਦਕਿ ਪਾਕਿਸਤਾਨ ਗਰੁੱਪ 2 ਵਿਚ ਰਹੇਗਾ।