ਸਕਾਟਲੈਂਡ ਤੋਂ ਹਾਰ ਕੇ ਜ਼ਿੰਬਾਬਵੇ ਵਿਸ਼ਵ ਕੱਪ ’ਚ ਥਾਂ ਬਣਾਉਣ ਦੀ ਦੌੜ ਤੋਂ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

231 ਦੇ ਟੀਚੇ ਦਾ ਪਿੱਛਾ ਕਰਦਿਆਂ 203 ਦੌੜਾਂ ’ਤੇ ਸਿਮਟੀ ਮੇਜ਼ਬਾਨ ਜ਼ਿੰਬਾਬਵੇ ਦੀ ਟੀਮ

Scotland Team.

ਬੁਲਾਵਾਯੋ: ਮਾਈਕਲ ਲੀਕਸ ਦੇ ਆਲਰਾਊਂਡ ਪ੍ਰਦਰਸ਼ਨ ਅਤੇ ਕ੍ਰਿਸ ਸੋਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਕਾਟਲੈਂਡ ਨੇ, ਮੰਗਲਵਾਰ ਨੂੰ ਵਿਸ਼ਵ ਕੱਪ ਕੁਆਲੀਫ਼ਾਇਰਸ ਦੇ ਸੂਪਰ ਸਿਕਸ ਦੇ ਮੈਚ ’ਚ ਮੇਜ਼ਬਾਨ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾ ਕੇ ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣ ਵਾਲੇ ਮੁਕਾਬਲੇ ’ਚ ਥਾਂ ਬਣਾਉਣ ਦੀਆਂ, ਅਪਣੀਆਂ ਉਮੀਦਾਂ ਨੂੰ ਪੰਖ ਲਗਾ ਲਏ।

ਜ਼ਿੰਬਾਬਵੇ ਇਸ ਮੈਚ ’ਚ ਹਾਰ ਨਾਲ ਵਿਸ਼ਵ ਕੱਪ ’ਚ ਥਾਂ ਬਣਾਉਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ। ਸਕਾਟਲੈਂਡ ਦੇ ਹੁਣ ਛੇ ਅੰਕ ਹੋ ਗਏ ਹਨ ਅਤੇ ਉਹ ਸ੍ਰੀਲੰਕਾ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਜ਼ਿੰਬਾਬਵੇ ਦੇ ਵੀ ਛੇ ਅੰਕ ਹਨ ਪਰ ਉਸ ਨੇ ਅਪਣੇ ਸਾਰੇ ਮੈਚ ਖੇਡ ਲਏ ਹਨ ਅਤੇ ਉਸ ਦਾ ਨੈੱਟ ਰਨ ਰੇਟ ਵੀ ਚੰਗਾ ਨਹੀਂ ਹੈ। 

ਸਕਾਟਲੈਂਡ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 234 ਦੌੜਾਂ ਬਣਾਈਆਂ। ਉਸ ਵਲੋਂ ਲੀਸਕ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੈਥਿਊ ਕਰਾਸ ਨੇ 38, ਬ੍ਰੈਂਡਨ ਮੈਕਮੁਲੇਨ ਨੇ 34 ਅਤੇ ਜੌਰਜ ਮੁੰਸੇ ਨੇ 31 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਜ਼ ਨੇ ਤਿੰਨ ਵਿਕੇਟਾਂ ਲਈਆਂ। 

ਜ਼ਿੰਬਾਬਵੇ ਲਈ ਇਹ ਮੁਕਾਬਲਤਨ ਛੋਟਾ ਟੀਚਾ ਵੀ ਪਹਾੜ ਵਰਗਾ ਬਣ ਗਿਆ ਅਤੇ ਉਸ ਦੀ ਟੀਮ ਰੇਆਨ ਬਰਲ ਦੀ 83 ਦੌੜਾਂ ਦੀ ਪਾਰੀ ਦੇ ਬਾਵਜੂਦ 41.1 ਓਵਰ ’ਚ 203 ਦੌੜਾਂ ’ਤੇ ਆਊਟ ਹੋ ਗਈ। 

ਸਕਾਟਲੈਂਡ ਵਲੋਂ ਸੋਲ ਨੇ ਤਿੰਨ ਜਦਕਿ ਲੀਸਕ ਅਤੇ ਮੈਕਮੁਲੇਨ ਨੇ ਦੋ-ਦੋ ਵਿਕੇਟਾਂ ਲਈਆਂ। ਸੋਲ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।