24 ਉਂਗਲਾਂ ਵਾਲੀ ਇਸ਼ਰੂਪ ਨੇ ਵਿਸ਼ਵ ’ਚ ਚਮਕਾਇਆ ਦੇਸ਼ ਦਾ ਨਾਂਅ

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ’ਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਮਾਰੀ ਵੱਡੀ ਮੱਲ , ਜੂਡੋ ’ਚ ਜਿੱਤਿਆ ਕਾਂਸੇ ਦਾ ਤਮਗ਼ਾ

Ludhiana girl wins bronze medal in Commonwealth Judo Championships

ਲੁਧਿਆਣਾ (ਵਿਸ਼ਾਲ ਕਪੂਰ): ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ, ਇਸ ਦੀ ਉਦਾਹਰਨ ਪੇਸ਼ ਕੀਤੀ ਹੈ ਲੁਧਿਆਣਾ ਦੀ ਰਹਿਣ ਵਾਲੀ ਇਸ਼ਰੂਪ ਨਾਰੰਗ ਨੇ, ਜਿਸ ਨੇ ਹਾਲ ਹੀ ਵਿਚ ਇੰਗਲੈਂਡ ਵਿਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਜੂਡੋ ਵਿਚ ਵੱਡੀ ਮੱਲ ਮਾਰਦਿਆਂ ਕਾਂਸੇ ਦਾ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਦੁਨੀਆ ਭਰ ਵਿਚ ਰੌਸ਼ਨ ਕੀਤਾ। ਇਸ਼ਰੂਪ ਨਾਰੰਗ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਉਸ ਦੇ ਹੱਥਾਂ ਪੈਰਾਂ ਦੀਆਂ 24 ਉਂਗਲਾਂ ਹਨ।

ਹੱਥਾਂ ਅਤੇ ਪੈਰਾਂ ਵਿਚ ਇਕ-ਇਕ ਉਂਗਲ ਜ਼ਿਆਦਾ ਹੈ। ਬੇਟੀ ਦੀ ਜਿੱਤ ਨੂੰ ਲੈ ਕੇ ਇਸ਼ਰੂਪ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 13 ਪਰ ਸਾਲ ਦੀ ਉਮਰ ਵਿਚ ਹੀ ਇੰਗਲੈਂਡ ਵਿਚ ਹੋਈ ਸਬ ਜੂਨੀਅਰ ਕਾਮਨਵੈਲਥ ਖੇਡਾਂ ਦੇ ਵਿਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਇਸ਼ਰੂਪ ਨਾਰੰਗ ਨੇ ਦੱਸਿਆ ਕਿ ਉਸ ਨੇ ਆਪਣਾ ਵਜ਼ਨ ਘਟਾਉਣ ਲਈ ਖੇਡ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਨੂੰ ਜੂਡੋ ਨਾਲ ਇੰਨਾ ਲਗਾਅ ਹੋ ਗਿਆ ਕਿ ਉਹ ਇਸ ਵਿਚ ਜ਼ਿਲ੍ਹਾ ਅਤੇ ਸਟੇਟ ਪੱਧਰ ਦੇ ਕਈ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ।

ਇਸ਼ਰੂਪ ਦਾ ਪਰਿਵਾਰ ਇਸ ਗੱਲ ਨੂੰ ਲੈ ਕੇ ਕਾਫ਼ੀ ਖ਼ੁਸ਼ ਹੈ ਕਿ ਉਨ੍ਹਾਂ ਦੀ ਬੇਟੀ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਪਰ ਨਾਲ ਹੀ ਪਰਿਵਾਰ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਇਸ਼ਰੂਪ ਦੇ ਸਵਾਗਤ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਘਰ ਨਹੀਂ ਪਹੁੰਚਿਆ ਨਾ ਹੀ ਕਿਸੇ ਮੰਤਰੀ ਨੇ ਸਾਰ ਲਈ। ਇਸ਼ਰੂਪ ਦੇ ਕੋਚ ਪ੍ਰਵੀਨ ਠਾਕੁਰ ਅਤੇ ਕਿਸ਼ੋਰ ਕੁਮਾਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਵਧੀਆ ਕੋਚਿੰਗ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ਼ਰੂਪ ਇਸ ਮੁਕਾਮ 'ਤੇ ਪੁੱਜ ਸਕੀ ਹੈ।