ਰਾਸ਼ਟਰੀ ਖੇਡਾਂ: ਰਾਮ ਬਾਬੂ ਨੇ ਪੁਰਸ਼ਾਂ ਦੀ 35 ਕਿਲੋਮੀਟਰ ਪੈਦਲ ਦੌੜ 'ਚ ਬਣਾਇਆ ਰਾਸ਼ਟਰੀ ਰਿਕਾਰਡ 

ਏਜੰਸੀ

ਖ਼ਬਰਾਂ, ਖੇਡਾਂ

ਸਰੀਰਕ ਸਿੱਖਿਆ ਵਿਚ ਗ੍ਰੈਜੂਏਟ ਰਾਮ ਬਾਬੂ ਨੇ ਦੋ ਘੰਟੇ 36 ਮਿੰਟ ਅਤੇ 34 ਸਕਿੰਟ ਦੇ ਸਮੇਂ ਨਾਲ ਖਿਤਾਬ ਜਿੱਤਿਆ।

National Games: Ram Babu sets national record in men's 35 km walking race

 

ਗਾਂਧੀਨਗਰ - ਉੱਤਰ ਪ੍ਰਦੇਸ਼ ਦੇ ਰਾਮ ਬਾਬੂ ਨੇ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਦੇ ਆਖ਼ਰੀ ਦਿਨ ਪੁਰਸ਼ਾਂ ਦੀ 35 ਕਿਲੋਮੀਟਰ ਪੈਦਲ ਦੌੜ ਵਿਚ ਸੋਨ ਤਗ਼ਮਾ ਜਿੱਤ ਕੇ ਕੌਮੀ ਰਿਕਾਰਡ ਕਾਇਮ ਕੀਤਾ। ਸਰੀਰਕ ਸਿੱਖਿਆ ਵਿਚ ਗ੍ਰੈਜੂਏਟ ਰਾਮ ਬਾਬੂ ਨੇ ਦੋ ਘੰਟੇ 36 ਮਿੰਟ ਅਤੇ 34 ਸਕਿੰਟ ਦੇ ਸਮੇਂ ਨਾਲ ਖਿਤਾਬ ਜਿੱਤਿਆ। ਉਸ ਨੇ ਦੋ ਘੰਟੇ 40 ਮਿੰਟ 16 ਸੈਕਿੰਡ ਦਾ ਰਾਸ਼ਟਰੀ ਰਿਕਾਰਡ ਤੋੜਿਆ ਜੋ ਹਰਿਆਣਾ ਦੇ ਜੁਨੈਦ ਖਾਨ ਨੇ ਪਹਿਲਾਂ ਕਾਇਮ ਕੀਤਾ ਸੀ। ਜੁਨੈਦ ਮੰਗਲਵਾਰ ਨੂੰ ਦੋ ਘੰਟੇ 40 ਮਿੰਟ 51 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਿਹਾ। 

ਰੋਜ਼ੀ ਮੀਨਾ ਪਾਲਰਾਜ (ਤਾਮਿਲਨਾਡੂ) ਅਤੇ ਸਿਵਾ ਸੁਬਰਾਮਨੀਅਮ (ਫੌਜ) ਨੇ ਕ੍ਰਮਵਾਰ ਔਰਤਾਂ ਅਤੇ ਪੁਰਸ਼ਾਂ ਦੇ ਪੋਲ ਵਾਲਟ ਮੁਕਾਬਲਿਆਂ ਵਿਚ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਟਰੈਕ ਅਤੇ ਫੀਲਡ ਵਿੱਚ, ਮੰਗਲਵਾਰ ਨੂੰ ਤਿੰਨ ਅਤੇ ਕੁੱਲ ਪੰਜ ਰਾਸ਼ਟਰੀ ਰਿਕਾਰਡ ਬਣਾਏ ਗਏ। ਬਾਕੀ ਦੋ ਰਾਸ਼ਟਰੀ ਰਿਕਾਰਡ ਵੇਟਲਿਫਟਿੰਗ ਮੁਕਾਬਲੇ ਵਿੱਚ ਬਣਾਏ ਗਏ। ਵਿਸ਼ਵ ਅਥਲੈਟਿਕਸ ਨੇ ਟੋਕੀਓ ਓਲੰਪਿਕ ਤੋਂ 50 ਕਿਲੋਮੀਟਰ ਦੀ ਦੌੜ ਨੂੰ ਛੱਡਣ ਦਾ ਫੈਸਲਾ ਕਰਨ ਤੋਂ ਬਾਅਦ ਪਿਛਲੇ ਸਾਲ ਭਾਰਤ ਵਿਚ 35 ਕਿਲੋਮੀਟਰ ਦੌੜ ਦੀ ਸ਼ੁਰੂਆਤ ਕੀਤੀ ਸੀ।

ਖਿਤਾਬ ਜਿੱਤਣ ਤੋਂ ਬਾਅਦ ਬਾਬੂ ਨੇ ਕਿਹਾ, "ਮੈਂ ਅੰਤਰਰਾਸ਼ਟਰੀ ਮੰਚ 'ਤੇ ਵੀ ਅਜਿਹੇ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਸਖ਼ਤ ਮਿਹਨਤ ਕਰਦਾ ਰਹਾਂਗਾ।"  
ਉਹ ਪਿਛਲੇ ਸਾਲ ਵਾਰੰਗਲ ਵਿੱਚ ਨੈਸ਼ਨਲ ਓਪਨ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਹੋਏ ਇਸ ਈਵੈਂਟ ਵਿਚ ਚੈਂਪੀਅਨ ਬਣਿਆ ਸੀ। ਉਸ ਨੇ ਦੋ ਘੰਟੇ 46 ਮਿੰਟ 31 ਸਕਿੰਟ ਦਾ ਸਮਾਂ ਲਿਆ ਸੀ। ਉਸ ਨੇ ਇਸ ਸਾਲ ਅਪ੍ਰੈਲ ਵਿਚ ਰਾਂਚੀ ਵਿਚ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿਚ ਦੋ ਘੰਟੇ 41 ਮਿੰਟ 30 ਸਕਿੰਟ ਦਾ ਸਮਾਂ ਕੱਢਿਆ ਸੀ ਪਰ ਜੁਨੈਦ ਖਾਨ ਨੇ ਉਸ ਨੂੰ ਹਰਾ ਕੇ ਦੋ ਘੰਟੇ 40 ਮਿੰਟ 16 ਸਕਿੰਟ ਦੇ ਸਮੇਂ ਨਾਲ ਉਸ ਸਮੇਂ ਦਾ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ।