Kabaddi Player Guramritpal Singh News: ਕਬੱਡੀ ਖਿਡਾਰੀ ਗੁਰਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
9 ਭਾਰਤੀਆਂ ਨੂੰ ਵਿਦੇਸ਼ ਭੇਜਣ ਦੇ 6 ਸਾਲ ਪੁਰਾਣੇ ਮਾਮਲੇ ਵਿਚ ਲੋੜੀਂਦਾ ਸੀ ਖਿਡਾਰੀ
Kabaddi player Guramritpal Singh arrested: ਦਿੱਲੀ ਪੁਲਿਸ ਨੇ ਗੁਜਰਾਤ ਦੇ ਅਹਿਮਦਾਬਾਦ ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਨੌਂ ਭਾਰਤੀਆਂ ਨੂੰ ਵਿਦੇਸ਼ ਭੇਜਣ ਦੇ ਛੇ ਸਾਲ ਪੁਰਾਣੇ ਮਾਮਲੇ ਵਿਚ ਲੋੜੀਂਦੇ ਇਕ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਗੁਰਅੰਮ੍ਰਿਤਪਾਲ ਸਿੰਘ ਮੁਲਤਾਨੀ ਉਰਫ਼ ਪਾਲੀ (54), ਇਕ ਕੈਨੇਡੀਅਨ ਨਿਵਾਸੀ ਵਜੋਂ ਹੋਈ ਹੈ।
ਉਨ੍ਹਾਂ ਕਿਹਾ, ‘‘ਪਾਲੀ 2019 ਵਿਚ ਦਰਜ ਇਕ ਮਾਮਲੇ ਵਿਚ ਲੋੜੀਂਦਾ ਸੀ ਜਿਸ ਵਿਚ ਨੌਂ ਭਾਰਤੀਆਂ ਨੂੰ ਜਾਅਲੀ ਨਿਰੰਤਰ ਡਿਸਚਾਰਜ ਸਰਟੀਫ਼ਿਕੇਟ (ਸੀਡੀਸੀ) ਰੱਖਣ ਦੇ ਦੋਸ਼ ਵਿਚ ਇਥੋਪੀਆ ਤੋਂ ਦੇਸ਼ ਨਿਕਾਲਾ ਦਿਤਾ ਗਿਆ ਸੀ, ਜੋ ਕਥਿਤ ਤੌਰ ’ਤੇ ਸਮੋਆ ਸਰਕਾਰ ਦੇ ਨਾਮ ’ਤੇ ਜਾਰੀ ਕੀਤੇ ਗਏ ਸਨ।’’ ਅਧਿਕਾਰੀ ਅਨੁਸਾਰ, ਪਾਲੀ ਨੂੰ ਭਾਰਤ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ 29 ਸਤੰਬਰ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੀਰਵਾਰ ਨੂੰ ਨਵੀਂ ਦਿੱਲੀ ਲਿਆਂਦਾ ਗਿਆ। ਪੁਛਗਿਛ ਦੌਰਾਨ, ਪਾਲੀ ਨੇ ਪ੍ਰਗਟਾਵਾ ਕੀਤਾ ਕਿ ਉਹ ਕਦੇ ਰਾਸ਼ਟਰੀ ਪੱਧਰ ਦਾ ਕਬੱਡੀ ਖਿਡਾਰੀ ਸੀ ਅਤੇ ਪੰਜਾਬ ਦੀ ਇਕ ਯੂਨੀਵਰਸਿਟੀ ਅਤੇ ਕੈਨੇਡਾ ਵਿਚ ਇਕ ਸਪੋਰਟਸ ਕਲੱਬ ਦੀ ਨੁਮਾਇੰਦਗੀ ਕਰ ਚੁੱਕਾ ਸੀ।
ਅਧਿਕਾਰੀ ਅਨੁਸਾਰ, ਪਾਲੀ ਨੇ ਦਸਿਆ ਕੀਤਾ ਕਿ ਉਸਨੇ ਬਾਅਦ ਵਿਚ ਜਲਦੀ ਮੁਨਾਫ਼ੇ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਵਿਦੇਸ਼ ਭੇਜਣਾ ਸ਼ੁਰੂ ਕਰ ਦਿਤਾ। ਪੁਲਿਸ ਨੇ ਦਸਿਆ ਕਿ ਪਾਲੀ 1995 ਵਿਚ ਅਪਣੇ ਪਰਵਾਰ ਨਾਲ ਕੈਨੇਡਾ ਚਲਾ ਗਿਆ ਅਤੇ 1999 ਵਿਚ ਸਥਾਈ ਨਿਵਾਸ ਅਧਿਕਾਰ ਪ੍ਰਾਪਤ ਕੀਤੇ। ਅਧਿਕਾਰੀ ਨੇ ਕਿਹਾ, “2019 ਵਿਚ, ਪਾਲੀ ਨੇ ਜਲੰਧਰ ਤੋਂ ਅਪਣੇ ਸਾਥੀ ਮਨਜੀਤ ਰਾਹੀਂ ਦੋ ਯਾਤਰੀਆਂ ਲਈ ਜਾਅਲੀ ਸੀਡੀਸੀ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਤੋਂ 20 ਲੱਖ ਰੁਪਏ ਵਸੂਲੇ। ਇਸ ਮਾਮਲੇ ਵਿਚ ਪੰਜ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।” ਪੁਲਿਸ ਦੇ ਅਨੁਸਾਰ, ਪਾਲੀ ਵਿਰੁੱਧ ਸੱਤ ਅਜਿਹੇ ਮਾਮਲੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ 2009 ਅਤੇ 2021 ਦੇ ਵਿਚਕਾਰ ਆਈਜੀਆਈ ਏਅਰਪੋਰਟ ਪੁਲਿਸ ਸਟੇਸ਼ਨ ਵਿਚ ਦਰਜ ਕੀਤੇ ਗਏ ਸਨ। (ਏਜੰਸੀ)